ਲੁਧਿਆਣਾ : ਲੁਧਿਆਣਾ ਦੇ ਨਿਜ਼ਾਮ ਰੋਡ ਤੇ ਪੈਂਦੀ ਸੇਠੀ ਇਲੈਕਟ੍ਰਾਨਿਕ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਵੀਰਵਾਰ ਤੜਕੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ 40 ਹਜ਼ਾਰ ਰੁਪਏ ਦੀ ਨਕਦੀ ਤੇ ਤਕਰੀਬਨ 5 ਲੱਖ ਰੁਪਏ ਦਾ ਇਲੈਕਟ੍ਰਾਨਿਕ ਦਾ ਸਾਮਾਨ ਚੋਰੀ ਕਰ ਲਿਆ। ਸੂਚਨਾ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਕੇਸ ਦੀ ਤਫਤੀਸ਼ ਸ਼ੁਰੂ ਕੀਤੀ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸੇਠੀ ਇਲੈਕਟ੍ਰਾਨਿਕ ਦੇ ਮਾਲਕ ਰਾਜ ਕੁਮਾਰ ਸੇਠੀ ਨੇ ਦੱਸਿਆ ਕਿ ਬੀਤੀ ਰਾਤ ਉਹ ਦੁਕਾਨ ਬੰਦ ਕਰਕੇ ਘਰ ਚਲੇ ਗਏ । ਵੀਰਵਾਰ ਸਵੇਰੇ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲੇ ਕੁਝ ਦੁਕਾਨਦਾਰਾਂ ਦਾ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ।
ਮੌਕੇ ਤੇ ਪਹੁੰਚੇ ਰਾਜ ਕੁਮਾਰ ਸੇਠੀ ਨੇ ਜਦ ਆਪਣੇ ਜ਼ਰੀਏ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਚੋਰ ਦੁਕਾਨ ਚੋਂ 5 ਲੱਖ ਰੁਪਏ ਦੇ ਕਰੀਬ ਦੀ ਕੀਮਤ ਦਾ ਬਿਜਲੀ ਦਾ ਸਾਮਾਨ ਅਤੇ ਗੱਲਾ ਤੋੜ ਕੇ 40 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਗਏ ਹਨ।