ਡੇਹਲੋਂ / ਲੁਧਿਆਣਾ : ਸਥਾਨਕ ਕਸਬਾ ਡੇਹਲੋਂ ਵਿਖੇ ਅਣਅਧਿਕਾਰਤ ਕਾਲੋਨੀਆਂ ਵਿਚ ਗਲਾਡਾ ਦੀ ਲੁਧਿਆਣਾ ਤੋਂ ਆਈ ਟੀਮ ਵਲੋਂ ਜੇ. ਸੀ. ਬੀ. ਦੀ ਮਦਦ ਨਾਲ ਕੀਤੀਆਂ ਗਈਆਂ ਨਾਜਾਇਜ਼ ਉਸਾਰੀਆਂ ਨੂੰ ਢਾਹਿਆ ਗਿਆ ਤੇ ਚਲਦਾ ਕੰਮ ਰੋਕ ਦਿੱਤਾ ਗਿਆ। ਗਲਾਡਾ ਵਲੋਂ ਭੇਜੀ ਗਈ ਵੱਖ-ਵੱਖ ਅਧਿਕਾਰੀਆਂ ਦੀ ਟੀਮ ਵਲੋਂ ਡੇਹਲੋਂ ਪੁਲਿਸ ਨੂੰ ਨਾਲ ਲੈ ਕੇ ਪੰਜ ਦੇ ਕਰੀਬ ਅਣਅਧਿਕਾਰਤ ਕਾਲੋਨੀਆਂ ਅੰਦਰ ਕਾਰਵਾਈ ਅਮਲ ਵਿਚ ਲਿਆਂਦੀ ਗਈ।
ਇਸ ਸਮੇਂ ਜੇ. ਈ. ਅਮਨਦੀਪ ਸਿੰਘ ਅਤੇ ਐੱਸ. ਡੀ. ਓ. ਖੁਸ਼ਵੰਤ ਸਿੰਘ ਨੇ ਦੱਸਿਆ ਕਿ ਡੇਹਲੋਂ ਸਥਿਤ ਵੱਖ-ਵੱਖ ਕਾਲੋਨੀਆਂ ਨੂੰ ਪਹਿਲਾਂ ਦੋ ਨੋਟਿਸ ਦਿੱਤੇ ਗਏ ਸਨ, ਤਾਂਕਿ ਚੱਲ ਰਹੇ ਕੰਮ ਨੂੰ ਬੰਦ ਕੀਤਾ ਜਾਵੇ, ਪਰ ਇਨ੍ਹਾਂ ਕਲੋਨੀਆਂ ਅੰਦਰ ਕੰਮ ਚਲਣ ਕਰਕੇ ਜਿੱਥੇ ਉਕਤ ਕਾਰਵਾਈ ਕੀਤੀ ਹੈ, ਉੱਥੇ ਵਿਭਾਗ ਵਲੋਂ ਉਕਤ ਜ਼ਮੀਨ ਮਾਲਕਾਂ ਤੇ ਐੱਫ. ਆਈ. ਆਰ. ਦਰਜ਼ ਕਰਨ ਲਈ ਕੇਸ ਬਣਾ ਕੇ ਭੇਜ ਦਿੱਤਾ ਗਿਆ ਹੈ।
ਦੂਸਰੇ ਪਾਸੇ ਵੱਖ-ਵੱਖ ਕਲੋਨਾਈਜ਼ਰਾਂ ਜਗਦੀਪ ਸਿੰਘ ਬਿੱਟੂ, ਨਿਰਮਲ ਸਿੰਘ ਨਿੰਮਾ, ਪਰਮਦੀਪ ਸਿੰਘ ਦੀਪਾ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਗੁਰੀ, ਜੱਸ, ਮਨਦੀਪ ਸਿੰਘ ਜਵੰਦਾਂ ਸਮੇਤ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ, ਕਿ ਉਕਤ ਕਾਲੋਨੀਆਂ ਸਬੰਧੀ ਬਣਦਾ ਕਾਨੂੰਨੀ ਅਮਲ ਵਿੱਚ ਲਿਆਂਦਾ ਜਾਵੇ ਅਤੇ ਐੱਨ . ਓ. ਸੀ. ਜਾਰੀ ਕੀਤੇ ਜਾਣ ਤਾਕਿ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਕੰਮ ਚਾਲੂ ਰਹਿ ਸਕੇ।