ਬਠਿੰਡਾ : ਡੇਰਾ ਸਿਰਸਾ ਵਿੱਚ ਦਿਲਜੋੜ ਮਾਲਾ ਨਾਲ ਕੀਤੀਆਂ ਜਾ ਰਹੀਆਂ ਸ਼ਾਦੀਆਂ ‘ਤੇ ਹੁਣ ਸਵਾਲੀਆ ਨਿਸ਼ਾਨ ਲੱਗ ਗਏ ਹਨ। ਬਠਿੰਡਾ ਸ਼ਹਿਰ ਦੀ ਸਿਵਲ ਅਦਾਲਤ ‘ਚ ਦਿਲਜੋੜ ਦੀ ਮਾਲਾ ਨੂੰ ਲੈ ਕੇ ਇਕ ਵਿਅਕਤੀ ਵਲੋਂ ਦਾਇਰ ਕੀਤੇ ਗਏ ਕੇਸ ‘ਚ ਦੱਸਿਆ ਗਿਆ ਹੈ ਕਿ ਡੇਰਾ ਸਿਰਸਾ ‘ਚ ਇਕ ਮੁਟਿਆਰ ਨੇ ਉਸ ਦੇ ਗਲੇ ‘ਚ ਦਲਜੋੜ ਦੀ ਮਾਲਾ ਪਾ ਦਿੱਤੀ ਸੀ, ਪਰ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ। ਹੁਣ ਮੁਟਿਆਰ ਆਪਣੇ ਆਪ ਨੂੰ ਉਸ ਦੀ ਪਤਨੀ ਦੱਸ ਰਹੀ ਹੈ। ਬਠਿੰਡਾ ਦੀ ਸਿਵਲ ਅਦਾਲਤ ਵਿੱਚ ਦਾਇਰ ਕੇਸ ਵਿੱਚ ਅਦਾਲਤ ਨੇ ਡੇਰਾ ਸਿਰਸਾ ਨੂੰ 2 ਅਗਸਤ ਲਈ ਸੰਮਨ ਜਾਰੀ ਕੀਤੇ ਹਨ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਐਡਵੋਕੇਟ ਰਣਬੀਰ ਸਿੰਘ ਬਰਾੜ ਅਤੇ ਐਡਵੋਕੇਟ ਰਣਧੀਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੇ ਡੇਰਾ ਸਿਰਸਾ ਵਿੱਚ ਦਿਲਜੋੜ ਮਾਲਾ ਰਾਹੀਂ ਵਿਆਹਾਂ ਨੂੰ ਮਾਨਤਾ ਦੇਣ ਲਈ ਹਿੰਦੂ ਮੈਰਿਜ ਐਕਟ ਤਹਿਤ ਕੇਸ ਦਾਇਰ ਕੀਤਾ ਸੀ। ਇਕ ਮੁਟਿਆਰ ਨੇ ਉਸ ਦੇ ਗਲੇ ਵਿਚ ਦਿਲਜੋੜ ਵਾਲੀ ਮਾਲਾ ਪਾ ਦਿੱਤੀ ਸੀ ਪਰ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ। ਇਸ ਮਾਮਲੇ ‘ਚ ਇਕ ਮੁਟਿਆਰ ਨੂੰ ਪਾਰਟੀ ਬਣਾਇਆ ਗਿਆ ਹੈ, ਜੋ ਖੁਦ ਨੂੰ ਉਸ ਦੀ ਪਤਨੀ ਦੱਸ ਰਹੀ ਹੈ ਤੇ ਕਹਿ ਰਹੀ ਹੈ ਕਿ ਉਸ ਨੇ ਦਿਲਜੋੜ ਮਾਲਾ ਰਾਹੀਂ ਵਿਆਹ ਕਰਵਾਇਆ ਹੈ।
ਇਸ ਮਾਮਲੇ ‘ਚ ਡੇਰਾ ਸਿਰਸਾ ਤੋਂ ਇਹ ਵੀ ਪੁੱਛਿਆ ਗਿਆ ਹੈ ਕਿ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਡੇਰੇ ਵਿਚ ਹੈ ਜਾਂ ਫਿਰ ਉਥੇ ਕੋਈ ਹਿੰਦੂ ਧਾਰਮਿਕ ਗ੍ਰੰਥ ਮੌਜੂਦ ਸੀ? ਇਸ ਮਾਮਲੇ ਚ ਮੈਰਿਜ ਰਜਿਸਟਰਾਰ ਡੀਸੀ ਬਠਿੰਡਾ ਨੂੰ ਵੀ ਧਿਰ ਬਣਾ ਕੇ ਪੁੱਛਿਆ ਗਿਆ ਹੈ ਕਿ ਕੀ ਹਿੰਦੂ ਮੈਰਿਜ ਐਕਟ ਤਹਿਤ ਦਿਲਜੋੜ ਮਾਲਾ ਦੀ ਰਸਮ ਨੂੰ ਮਾਨਤਾ ਦਿੰਦੇ ਹਨ ਜਾਂ ਨਹੀਂ। ਇਸ ਮਾਮਲੇ ਨੇ ਡੇਰਾ ਸਿਰਸਾ ਵਿੱਚ ਹੋਏ ਵਿਆਹਾਂ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਹੁਣ ਇਹ ਇਸ ਕੇਸ ਦੇ ਆਦੇਸ਼ ‘ਤੇ ਵੀ ਨਿਰਭਰ ਕਰੇਗਾ ਕਿ ਦਿਲਜੋੜ ਮਾਲਾ ਨਾਲ ਵਿਆਹਾਂ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ ਜਾਂ ਨਹੀਂ।