ਲੁਧਿਆਣਾ ਪੁਲਿਸ ਕਮਿਸ਼ਨਰ ਲੁਧਿਆਣਾ ਡਾ. ਕੌਸ਼ਤੁਭ ਸ਼ਰਮਾ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਸੌਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਅੰਦਰ ਸਮੂਹ ਦੁਕਾਨਦਾਰਾਂ ਨੂੰ ਮੋਬਾਇਲ ਵੇਚਣ ਅਤੇ ਖ੍ਰੀਦਣ ਸਮੇਂ ਵੇਚਕਾਰ ਅਤੇ ਖਰੀਦਕਾਰ ਦਾ ਪੂਰਾ ਸ਼ਨਾਖ਼ਤੀ ਰਿਕਾਰਡ ਹਾਸਲ ਕੀਤਾ ਜਾਵੇ।
ਪੁਲਿਸ ਕਮਿਸ਼ਨਰ ਦੇ ਧਿਆਨ ਵਿੱਚ ਆਇਆ ਹੈ ਕਿ ਲੁਧਿਆਣਾ ਕਮਿਸ਼ਨਰੇਟ ਇਲਾਕੇ ਅੰਦਰ ਸਮਾਜ ਵਿਰੋਧੀ ਅਨਸਰਾਂ ਵੱਲੋਂ ਮੋਬਾਇਲ ਖੋਹ ਕਰਕੇ ਆਮ ਦੁਕਾਨਦਾਰਾਂ ਪਾਸ ਵੇਚ ਦਿੱਤੇ ਜਾਂਦੇ ਹਨ। ਦੁਕਾਨਦਾਰਾਂ ਵੱਲੋਂ ਮੋਬਾਇਲ ਖਰੀਦ ਕਰਦੇ ਸਮੇਂ ਮੋਬਾਇਲ ਵੇਚਣ ਵਾਲੇ ਅਤੇ ਖਰੀਦਣ ਵਾਲੇ ਦਾ ਕੋਈ ਵੀ ਸ਼ਨਾਖ਼ਤੀ ਪਤਾ ਹਾਸਲ ਨਹੀਂ ਕੀਤਾ ਜਾਂਦਾ ਹੈ। ਇਸ ਲਈ ਪਬਲਿਕ ਹਿੱਤ ਵਿੱਚ ਵਿਸ਼ੇਸ਼ ਕਦਮ ਚੁੱਕਣ ਦੀ ਜਰੂਰਤ ਹੈ।
ਪੁਲਿਸ ਕਮਿਸ਼ਨਰ ਵੱਲੋਂ ਪਬਲਿਕ ਹਿੱਤ ਵਿੱਚ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਸਮੂਹ ਦੁਕਾਨਦਾਰ ਜੋ ਮੋਬਾਇਲ ਵੇਚਣ ਅਤੇ ਖ੍ਰੀਦਣ ਦਾ ਕੰਮ ਕਰਦੇ ਹਨ ਉਨ੍ਹਾਂ ਦੁਕਾਨਾਂ ਦੇ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਮੋਬਾਇਲ ਵੇਚਣ ਅਤੇ ਖ੍ਰੀਦਣ ਸਮੇਂ ਵੇਚਣ ਵਾਲੇ ਅਤੇ ਖਰੀਦਦਾਰ ਦਾ ਪੂਰਾ ਸ਼ਨਾਖ਼ਤੀ ਰਿਕਾਰਡ ਹਾਸਲ ਕੀਤਾ ਜਾਵੇ।