ਲੁਧਿਆਣਾ : ਸੰਸਾਰ ਹਾਈਪ੍ਰਟੈਂਸ਼ਨ ਦਿਵਸ ਮੌਕੇ ਸਿਵੀਆ ਹਸਪਤਾਲ ਵਿਚ ਕਰਵਾਏ ਗਏ ਜਾਗਰੂਕਤਾ ਸਮਾਗਮ ਦੌਰਾਨ ਦਿਲ ਦੇ ਰੋਗਾਂ ਦੇ ਮਾਹਿਰ ਡਾ. ਐਸ. ਐਸ. ਸਿਵੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਾਈ ਬਲੱਡ ਪ੍ਰੈਸ਼ਰ ਇਕ ਬਹੁਤ ਹੀ ਭਿਆਨਕ ਬਿਮਾਰੀ ਹੈ, ਜੇਕਰ ਇਸ ‘ਤੇ ਕਾਬੂ ਨਾ ਰੱਖਿਆ ਜਾਵੇ ਤਾਂ ਕਈ ਵਾਰ ਇਹ ਜਾਨਲੇਵਾ ਸਾਬਤ ਹੋ ਨਿੱਬੜਦੇ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਹਾਈਪ੍ਰਟੈਂਸ਼ਨ ਸਰੀਰ ‘ਚ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਹੈ, ਜਿਨ੍ਹਾਂ ‘ਚ ਮੁੱਖ ਤੌਰ ‘ਤੇ ਦਿਲ ਤੇ ਦਿਮਾਗ਼ੀ ਦੌਰਾ ਅਤੇ ਗੁਰਦੇ ਦੀਆਂ ਬਿਮਾਰੀਆਂ ਤੋਂ ਇਲਾਵਾ ਦਿਮਾਗ਼ੀ ਕਮਜ਼ੋਰੀ ਤੇ ਨਜ਼ਰ ‘ਤੇ ਵੀ ਬੁਰਾ ਪ੍ਰਭਾਵ ਪਾਉਣਾ ਸ਼ਾਮਿਲ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਬਹੁਤ ਸਾਰੇ ਲੋਕ, ਜੋ ਹਾਈਪ੍ਰਟੈਂਸ਼ਨ ਤੋਂ ਪੀੜਤ ਹੁੰਦੇ ਹਨ, ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਇਸ ਬਿਮਾਰੀ ਨਾਲ ਗ੍ਰਸਤ ਹਨ ਕਿਉਂਕਿ ਇਸ ਦਾ ਕੋਈ ਵੀ ਲੱਛਣ ਨਹੀਂ ਹੋ ਸਕਦਾ, ਅਕਸਰ ਅਜਿਹੇ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਜਾਂ ਦੌਰਾ ਪੈਣ ਤੋਂ ਬਾਅਦ ਹੀ ਪਤਾ ਲੱਗਦਾ ਹੈ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸੰਸਾਰ ਦੀ 30 ਫ਼ੀਸਦੀ ਤੋਂ ਵੱਧ ਦੀ ਆਬਾਦੀ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਤੋਂ ਪ੍ਰਭਾਵਿਤ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਦਾ ਭਾਵ ਸੰਸਾਰ ਦੀ ਇਕ ਅਰਬ ਤੋਂ ਵੱਧ ਆਬਾਦੀ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੈ। ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਵਿਚ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਦਾ ਤੇਜ਼ੀ ਨਾਲ ਵੱਧਣਾ ਚਿੰਤਾ ਦਾ ਵਿਸ਼ਾ ਹੈ। ਸੰਤੁਲਿਤ ਭੋਜਨ ਦਾ ਸੇਵਨ ਕਰਕੇ, ਜ਼ਿਆਦਾ ਲੂਣ ਘਿਓ ਅਤੇ ਮਿੱਠੇ ਦੀ ਵਰਤੋਂ ਉਪਰ ਕਾਬੂ ਪਾ ਕੇ, ਕਸਰਤ ਅਪਣਾ ਕੇ, ਚਿੰਤਾਵਾਂ ਤੇ ਮਾਨਸਿਕ ਪ੍ਰੇਸ਼ਾਨੀਆਂ ਘਟਾ ਕੇ ਹਾਈਪ੍ਰਟੈਂਸ਼ਨ ਤੋਂ ਮੁਕਤੀ ਪਾਈ ਜਾ ਸਕਦੀ ਹੈ।