ਚੰਡੀਗੜ੍ਹ /ਲੁਧਿਆਣਾ : ਰਾਜਧਾਨੀ ਚੰਡੀਗੜ੍ਹ ਦੇ ਵੱਡੇ ਹਸਪਤਾਲ ‘ਚ ਹੁਣ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਪੰਜਾਬ ਵਾਸੀਆ ਦਾ ਇਲਾਜ ਨਹੀਂ ਕੀਤਾ ਜਾਵੇਗਾ। ਇਸ ਦਾ ਕਾਰਨ ਸਰਕਾਰ ਵੱਲੋਂ ਹਸਪਤਾਲ ਦਾ ਬਕਾਇਆ ਨਾ ਦੇਣਾ ਹੈ। ਦੱਸ ਦਈਏ ਕਿ ਪੰਜਾਬ ਦੇ ਨਿੱਜੀ ਹਸਪਤਾਲਾਂ ਨੇ ਵੀ ਆਯੁਸ਼ਮਾਨ ਭਾਰਤ ਸਕੀਮ ਤਹਿਤ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ ।
ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਜੀਐਮਸੀਐਚ-32 ਹਸਪਤਾਲ ਪ੍ਰਸ਼ਾਸਨ ਨੇ ਹਾਲ ਦੀ ਘੜੀ ਆਯੁਸ਼ਮਾਨ ਭਾਰਤ ਤਹਿਤ ਪੰਜਾਬ ਦੇ ਮਰੀਜ਼ਾਂ ਦੇ ਇਲਾਜ ਦੀ ਸਹੂਲਤ ਨੂੰ ਰੋਕ ਦਿੱਤਾ ਹੈ। ਇਹ ਇਸ ਲਈ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਆਯੁਸ਼ਮਾਨ ਭਾਰਤ ਸਕੀਮ ਤਹਿਤ ਜੀਐਮਸੀਐਚ 32 ਨੂੰ ਫੰਡ ਜਾਰੀ ਨਹੀਂ ਕੀਤੇ ਗਏ ਹਨ। ਹਸਪਤਾਲ ਪ੍ਰਸ਼ਾਸਨ ਮੁਤਾਬਕ ਇਸ ਸਬੰਧੀ ਪੰਜਾਬ ਸਰਕਾਰ ਨੂੰ ਨੋਟਿਸ ਵੀ ਦੇ ਦਿੱਤਾ ਗਿਆ ਹੈ।
ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਸੁਧੀਰ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਯੁਸ਼ਮਾਨ ਭਾਰਤ ਤਹਿਤ ਜੀਐਮਸੀਐਚ 32 ਨੂੰ 2.2 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਬਕਾਇਆ ਰਕਮ ਹੈ ਜੋ ਆਯੂਸ਼ਮਾਨ ਭਾਰਤ ਸਕੀਮ ਤਹਿਤ ਪੰਜਾਬ ਦੇ ਮਰੀਜ਼ਾਂ ਦੇ ਇਲਾਜ ਲਈ ਖਰਚ ਕੀਤੀ ਗਈ ਹੈ। ਪੰਜਾਬ ਵਿਚ ਆਯੂਸ਼ਮਾਨ ਤਹਿਤ 40 ਲੱਖ ਪਰਿਵਾਰ ਹਨ। ਇਨ੍ਹਾਂ 40 ਲੱਖ ਪਰਿਵਾਰਾਂ ਨੂੰ ਇਸ ਯੋਜਨਾ ਤਹਿਤ ਹਰ ਸਾਲ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ।