ਲੁਧਿਆਣਾ : ਨਗਰ ਨਿਗਮ ਵੱਲੋਂ ਜ਼ੋਨ ਸੀ ਵਲੋਂ ਨਾਜਾਇਜ਼ ਸੀਵਰੇਜ ਕੁਨੈਕਸ਼ਨਾਂ ਤਹਿਤ ਕਾਰਵਾਈ ਕਰਦਿਆਂ ਦੋ ਗੈਰ-ਕਾਨੂੰਨੀ ਕਲੋਨੀਆਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ। ਇਹ ਦੋਵੇਂ ਕਾਲੋਨੀਆਂ ਨਿਗਮ ਦੀ ਹੱਦ ਤੋਂ ਬਾਹਰ ਸਨ, ਪਰ ਸੀਵਰੇਜ ਲਾਈਨ ਨਾਜਾਇਜ਼ ਤੌਰ ‘ਤੇ ਨਿਗਮ ਨਾਲ ਜੋੜੀ ਹੋਈ ਸੀ। ਨਿਗਮ ਦੀ ਇਸ ਕਾਰਵਾਈ ਨਾਲ ਨਾਜਾਇਜ਼ ਕਾਲੋਨੀ ਵਿਚ ਘਰ ਬਣਾਉਣ ਵਾਲੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਓ ਐਂਡ ਐੱਮ ਬ੍ਰਾਂਚ ਦੇ ਐੱਸ ਈ ਰਵਿੰਦਰ ਗਰਗ ਨੇ ਦੱਸਿਆ ਕਿ ਜ਼ੋਨ ਸੀ ‘ਚ ਤਾਇਨਾਤ ਹਰਬੀਰ ਸਿੰਘ ਦੀ ਟੀਮ ਨੇ ਬੁਲਾਰਾ ਰੋਡ ‘ਤੇ ਦੋ ਕਾਲੋਨੀਆਂ ਵੱਲੋਂ ਨਿਗਮ ਦੀ ਮੇਨ ਸੀਵਰੇਜ ਲਾਈਨ ਨਾਲ ਨਾਜਾਇਜ਼ ਤੌਰ ‘ਤੇ ਕੁਨੈਕਸ਼ਨ ਜੋੜਿਆ ਸੀ। ਇਸ ਦੇ ਲਈ ਨਿਗਮ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ। ਇਥੋਂ ਤਕ ਕਿ ਨਿਗਮ ਨੂੰ ਕੋਈ ਸ਼ੇਅਰਿੰਗ ਚਾਰਜ ਵੀ ਨਹੀਂ ਦਿੱਤੇ ਗਏ ਸਨ। ਨਿਗਮ ਵੱਲੋਂ ਨਾਜਾਇਜ਼ ਕਾਲੋਨੀਆਂ ਖਿਲਾਫ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।
ਕਾਲੋਨਾਈਜ਼ਰ ਪਹਿਲਾਂ ਪਲਾਟ ਖਰੀਦਣ ਲਈ ਆਉਣ ਵਾਲੇ ਲੋਕਾਂ ਨੂੰ ਫਸਾਉਣ ਲਈ ਕੱਟੀ ਗਈ ਨਾਜਾਇਜ਼ ਕਾਲੋਨੀ ਵਿਚ ਚਾਰ ਤੋਂ ਪੰਜ ਘਰ ਬਣਾਉਂਦਾ ਹੈ। ਇਸ ਨਾਲ ਪਲਾਟ ਖਰੀਦਣ ਆਉਣ ਵਾਲੇ ਲੋਕਾਂ ਨੂੰ ਭਰੋਸਾ ਦਿਵਾਇਆ ਜਾ ਸਕਦਾ ਹੈ ਕਿ ਇਨ੍ਹਾਂ ਲੋਕਾਂ ਨੇ ਵੀ ਇਥੇ ਜ਼ਮੀਨ ਲੈ ਕੇ ਆਪਣਾ ਘਰ ਬਣਾਇਆ ਹੈ। ਆਉਣ ਵਾਲੇ ਦਿਨਾਂ ਵਿੱਚ ਇੱਥੇ ਇਸ ਤੋਂ ਸਸਤਾ ਕੁਝ ਵੀ ਨਹੀਂ ਹੋਵੇਗਾ। ਕੁਝ ਥਾਵਾਂ ਤੇ ਕਾਲੋਨਾਈਜ਼ਰ ਨੇ ਖੁਦ ਬਿਜਲੀ ਦੇ ਖੰਭੇ ਲਗਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ।