ਲੁਧਿਆਣਾ : ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਪਾਰਟੀ ਦੇ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਸੰਗਠਨ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਕੰਮ ਕਰਨ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਪਾਰਟੀ ‘ਚ ਹਰ ਕਿਸੇ ਦਾ ਸਤਿਕਾਰ ਯਕੀਨੀ ਬਣਾਇਆ ਜਾਵੇ। ਨੱਡਾ ਅੱਜ ਸ਼ਨੀਵਾਰ ਨੂੰ ਹੋਟਲ ਮਹਾਰਾਜਾ ਰਿਜੈਂਸੀ ਵਿਖੇ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਇਸ ਮੀਟਿੰਗ ਵਿਚ ਭਾਜਪਾ ਦੇ ਸੂਬਾ ਅਹੁਦੇਦਾਰ, ਵਿਸਥਾਰਤ ਗਰੁੱਪ, ਸੂਬਾ ਮੋਰਚਾ ਪ੍ਰਧਾਨ, ਜ਼ਿਲ੍ਹਾ ਇੰਚਾਰਜ, 2022 ਦੀਆਂ ਵਿਧਾਨ ਸਭਾ ਚੋਣਾਂ ਲੜ ਰਹੀ ਪੰਜਾਬ ਭਾਜਪਾ ਤੋਂ ਇਲਾਵਾ ਭਾਜਪਾ ਦੇ ਪੰਜਾਬ ਲੋਕ ਕਾਂਗਰਸ ਦੇ ਚੋਣ ਨਿਸ਼ਾਨ ‘ਤੇ ਚੋਣ ਲੜਨ ਤੋਂ ਇਲਾਵਾ ਹੋਰ ਵੀ ਕਈ ਅਹੁਦੇਦਾਰ ਸ਼ਾਮਿਲ ਹੋਏ।
ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਨੇ ਪਾਰਟੀ ਦੇ ਸਾਰੇ ਅਹੁਦੇਦਾਰਾਂ ਨੂੰ ਜਿੱਤ ਦਾ ਮੰਤਰ ਦਿੰਦੇ ਹੋਏ ਕਿਹਾ ਕਿ ਪਾਰਟੀ ਨੂੰ ਪੰਜਾਬ ਵਿਚ ਇਸ ਨੂੰ ਹੋਰ ਮਜ਼ਬੂਤੀ ਵੱਲ ਲੈ ਕੇ ਜਾਣਾ ਹੈ ਅਤੇ 6 ਮਹੀਨਿਆਂ ਦੇ ਅੰਦਰ-ਅੰਦਰ ਪਾਰਟੀ ਨੂੰ ਸੂਬੇ ਵਿਚ ਵੱਡਾ ਸਮਰਥਨ ਮਿਲੇਗਾ। ਨੱਢਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਖ਼ੁਦ ਭਾਜਪਾ ਨਾਲ ਗਠਜੋੜ ਤੋੜ ਲਿਆ। ਭਾਜਪਾ ਨੇ ਕਿਸੇ ਦਾ ਸਾਥ ਨਹੀਂ ਛੱਡਿਆ। ਭਾਜਪਾ ਕਦੇ ਵੀ ਆਪਣੇ ਸਿਆਸੀ ਭਾਈਵਾਲ ਨੂੰ ਨਹੀਂ ਛੱਡਦੀ ਅਤੇ ਪੂਰਾ ਗੱਠਜੋੜ ਧਰਮ ਦੇ ਵਿੱਚ ਵਿਸ਼ਵਾਸ ਰੱਖਦਾ ਹੈ।
ਨੱਡਾ ਨੇ ਉਨ੍ਹਾਂ ਸਾਰੇ ਵਰਕਰਾਂ ਦਾ ਵੀ ਧੰਨਵਾਦ ਕੀਤਾ ਜੋ ਕਿਸਾਨ ਅੰਦੋਲਨ ਦੌਰਾਨ ਸਾਰੀਆਂ ਤਕਲੀਫਾਂ ਸਹਿਣ ਦੇ ਬਾਵਜੂਦ ਪਾਰਟੀ ਦੇ ਨਾਲ ਖੜ੍ਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਤੋਂ ਦੁਖੀ ਸੀ, ਜਿਸ ਦਾ ਅਹਿਸਾਸ ਹਾਲ ਹੀ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਹੋਇਆ ਸੀ। ਨੱਡਾ ਨੇ ਕਿਹਾ ਕਿ ਭਾਜਪਾ ਵਿਚ ਚੰਗੇ ਲੋਕਾਂ ਦੀ ਜਗ੍ਹਾ ਹੈ ਅਤੇ ਅਜਿਹੇ ਲੋਕਾਂ ਲਈ ਦਰਵਾਜ਼ੇ ਹਮੇਸ਼ਾ ਲਈ ਖੁੱਲ੍ਹੇ ਹਨ।