ਲੁਧਿਆਣਾ : ਪੰਜਾਬ ‘ਚ ਲੁਧਿਆਣਾ ਦੇ ਬੇਟ ਏਰੀਆ ‘ਚ ਐਕਸਾਈਜ਼ ਵਿਭਾਗ ਨੇ ਛਾਪਾ ਮਾਰਿਆ। ਛਾਪੇਮਾਰੀ ਕਰਨ ਵਾਲੇ ਅਧਿਕਾਰੀਆਂ ਨੇ ਲਾਹਣ ਅਤੇ ਨਾਜਾਇਜ਼ ਸ਼ਰਾਬ ਨੂੰ ਨਸ਼ਟ ਕਰ ਦਿੱਤਾ। ਪੰਜਾਬ ਸਰਕਾਰ ਨੇ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਨੂੰ ਰੋਕਣ ਲਈ ਵਿਸ਼ੇਸ਼ ਹਦਾਇਤਾਂ ਦਿੱਤੀਆਂ ਹਨ, ਜਿਸ ਤੋਂ ਬਾਅਦ ਐਕਸਾਈਜ਼ ਵਿਭਾਗ ਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ‘ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਅੱਜ ਬੁੱਧਵਾਰ ਸਵੇਰੇ ਐਕਸਾਈਜ਼ ਵਿਭਾਗ ਨੇ ਸਤਲੁਜ ਦੇ ਕੰਢੇ ਤੇ ਪਿੰਡ ਤਲਵਾਨੀ, ਬਰੂਦੀ ਨੇੜੇ ਗੋਰਸੀਆਂ, ਭੋਲੇਵਾਲ ਜਦੀਦ, ਰਜਾਪੁਰ, ਖੇੜਾ ਬੇਟ, ਮਜਾਰਾ ਕਲਾਂ, ਹਾਕਮ ਰਾਏ ਬੇਟ ਸ਼ੇਰੇਵਾਲ, ਬਾਗੀਆ ਅਤੇ ਪਿੰਡ ਬਹਾਦਰ ਵਿਖੇ ਛਾਪੇਮਾਰੀ ਕੀਤੀ। ਰੇਡ ਦਾ ਪਤਾ ਲੱਗਦਿਆਂ ਹੀ ਪੂਰੇ ਇਲਾਕੇ ‘ਚ ਹਲਚਲ ਮਚ ਗਈ। ਪੁਲਿਸ ਵੱਲੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ । ਪੁਲਸ ਦੀ ਸਖਤੀ ਦੇ ਬਾਵਜੂਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
ਆਬਕਾਰੀ ਵਿਭਾਗ ਨੇ ਮੁਲਾਜ਼ਮਾਂ ਨੂੰ 4 ਟੀਮਾਂ ਚ ਵੰਡ ਕੇ ਸਰਚ ਮੁਹਿੰਮ ਚਲਾਈ। ਕੁੱਲ 60 ਕਰਮਚਾਰੀਆਂ ਨੇ ਪੂਰੇ ਖੇਤਰ ਨੂੰ ਘੇਰ ਲਿਆ। ਵਿਭਾਗ ਨੇ ਛਾਪੇਮਾਰੀ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਵੀ ਇਸੇ ਇਲਾਕੇ ‘ਚ ਐਕਸਾਈਜ਼ ਵਿਭਾਗ ਨੇ ਕਈ ਵਾਰ ਸਰਚ ਆਪਰੇਸ਼ਨ ਚਲਾ ਕੇ 100 ਲੀਟਰ ਨਾਜਾਇਜ਼ ਸ਼ਰਾਬ ਅਤੇ 2.80 ਲੱਖ ਲੀਟਰ ਲਾਹਣ ਨਸ਼ਟ ਕੀਤੀ ਹੈ। ਪੁਲਸ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।
ਛਾਪੇਮਾਰੀ ਦੌਰਾਨ 30 ਚਾਲੂ ਭੱਠੀਆਂ, 6 ਕੁਇੰਟਲ ਲੱਕੜ, 15 ਡਰੰਮ ਪਲਾਸਟਿਕ, ਪਾਈਪਾਂ ਅਤੇ 12 ਬੋਰੀਆਂ ਗੁੜ ਦੀਆਂ ਬਰਾਮਦ ਕੀਤੀਆਂ ਗਈਆਂ। ਵਿਭਾਗ ਦੇ ਅਧਿਕਾਰੀਆਂ ਨੇ ਨਾਜਾਇਜ਼ ਸ਼ਰਾਬ ਬਣਾਉਣ ਲਈ ਵਰਤੇ ਜਾਣ ਵਾਲੇ ਸਾਮਾਨ ਨੂੰ ਜ਼ਬਤ ਕਰ ਲਿਆ ਹੈ। ਮੁਲਜ਼ਮ ਗੈਰ ਕਾਨੂੰਨੀ ਸ਼ਰਾਬ ਬਣਾਉਣ ਲਈ ਉਦਯੋਗਿਕ ਇਕਾਈਆਂ ਦੇ ਗੰਦੇ ਪਾਣੀ ਦੀ ਵਰਤੋਂ ਕਰ ਰਹੇ ਸਨ। ਇਸ ਨਾਲ ਸ਼ਰਾਬ ਪੀ ਕੇ ਵਿਅਕਤੀ ਦੀ ਮੌਤ ਹੋ ਸਕਦੀ ਹੈ।
ਕਿਸੇ ਨੂੰ ਪਤਾ ਨਾ ਲੱਗ ਸਕੇ, ਇਸ ਲਈ ਮੁਲਜ਼ਮਾਂ ਨੇ ਲਾਹਨ ਦੇ ਢੋਲ ਸਤਲੁਜ ਦਰਿਆ ਵਿਚ ਲੁਕਾ ਕੇ ਰੱਖੇ ਹੋਏ ਸਨ। ਆਬਕਾਰੀ ਵਿਭਾਗ ਦੀ ਟੀਮ ਨੇ ਗੋਤਾਖੋਰਾਂ ਦੀ ਮਦਦ ਨਾਲ ਸਤਲੁਜ ਦੇ ਵਿਚਕਾਰੋਂ ਨਾਜਾਇਜ਼ ਲਾਹਨ ਦੇ ਡਰੰਮਾਂ ਨੂੰ ਬਾਹਰ ਕੱਢਿਆ। ਪੁਲਸ ਨੇ ਮੌਕੇ ਤੋਂ ਸਾਮਾਨ ਕਬਜ਼ੇ ਚ ਲੈ ਕੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।