ਲੁਧਿਆਣਾ : ਲੁਧਿਆਣਾ ਮਾਰਕੀਟ ਕਮੇਟੀ ਦੇ ਅਧੀਨ ਆਉਂਦੀ ਨਵੀਂ ਸਬਜ਼ੀ ਮੰਡੀ ਅਤੇ ਫੜ੍ਹੀ ਮੰਡੀ ਦੀ ਸਫਾਈ ਨਾ ਕਰਨ ‘ਤੇ ਠੇਕੇਦਾਰ ਨੂੰ 5.74 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਜੁਰਮਾਨੇ ਦੀ ਰਕਮ 9 ਦਿਨਾਂ ਦੇ ਅੰਦਰ-ਅੰਦਰ ਮਾਰਕੀਟ ਕਮੇਟੀ ਦਫ਼ਤਰ ਵਿੱਚ ਜਮ੍ਹਾ ਕਰਵਾਉਣੀ ਪਵੇਗੀ। ਅਜਿਹਾ ਨਾ ਕਰਨ ‘ਤੇ ਜੁਰਮਾਨੇ ਦੀ ਰਕਮ ਠੇਕੇਦਾਰ ਦੀ ਬੈਂਕ ਗਾਰੰਟੀ ‘ਚੋਂ ਕੱਟ ਲਈ ਜਾਵੇਗੀ।
ਮਾਰਕੀਟ ਕਮੇਟੀ ਦੇ ਸਕੱਤਰ ਵਲੋਂ ਭੇਜੇ ਗਏ ਨੋਟਿਸ ਵਿਚ ਕਿਹਾ ਗਿਆ ਹੈ ਕਿ ਮੈਸਰਜ਼ ਭਾਗਵੰਤੀ ਦੇਵੀ ਐਂਡ ਸੰਨਜ਼ ਨੂੰ ਨਵੀਂ ਸਬਜ਼ੀ ਮੰਡੀ ਅਤੇ ਫੜੀ ਮੰਡੀ ਦੀ ਸਫਾਈ ਦਾ ਠੇਕਾ ਦਿੱਤਾ ਗਿਆ ਸੀ, ਪਰ ਉਥੇ ਸਫਾਈ ਨਹੀਂ ਹੋ ਰਹੀ ਸੀ। 27 ਤੋਂ 29 ਅਪ੍ਰੈਲ ਤੱਕ ਠੇਕੇਦਾਰ ਨੂੰ ਸਫਾਈ ਨਾ ਕਰਨ ‘ਤੇ 95,670 ਰੁਪਏ ਜੁਰਮਾਨਾ ਕੀਤਾ ਗਿਆ ਸੀ। ਇਹ ਰਕਮ ਅਜੇ ਤੱਕ ਜਮ੍ਹਾ ਨਹੀਂ ਕੀਤੀ ਗਈ ਹੈ। ਹੁਣ ਧਿਆਨ ਵਿਚ ਆਇਆ ਹੈ ਕਿ 30 ਅਪ੍ਰੈਲ ਤੋਂ 8 ਮਈ ਤੱਕ ਸਫਾਈ ਨਹੀਂ ਕੀਤੀ ਗਈ।
ਇੰਨਾ ਹੀ ਨਹੀਂ ਕੂੜੇ ਦੇ ਢੇਰ ‘ਤੇ ਇਕੱਠਾ ਕੀਤਾ ਗਿਆ ਕੂੜਾ ਵੀ ਅਜੇ ਤੱਕ ਨਹੀਂ ਹਟਾਇਆ ਗਿਆ। ਉਲਟਾ ਠੇਕੇਦਾਰ ਨੇ ਮੰਡੀ ਵਿਚ ਥਾਂ-ਥਾਂ 10 ਡੰਪ ਬਣਾਏ ਹੋਏ ਹਨ, ਜੋ ਕਿ ਨਿਯਮਾਂ ਦੇ ਉਲਟ ਹਨ। ਇੰਨਾ ਹੀ ਨਹੀਂ ਸਬਜ਼ੀ ਮੰਡੀ ਦੀ ਸਫਾਈ ਲਈ ਕੰਪਨੀ ਨੇ 20 ਕਰਮਚਾਰੀਆਂ ਦੀ ਨਿਯੁਕਤੀ ਕਰਨੀ ਸੀ ਪਰ ਅਜੇ ਤੱਕ ਇਨ੍ਹਾਂ ਨੂੰ ਤਾਇਨਾਤ ਨਹੀਂ ਕੀਤਾ ਗਿਆ। ਸਫਾਈ ਲਈ ਮਸ਼ੀਨਾਂ ਦਾ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ। ਜਦੋਂ ਤੋਂ ਠੇਕਾ ਸ਼ੁਰੂ ਹੋਇਆ ਹੈ ਉਦੋਂ ਤੋਂ ਟੈਂਡਰ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।