ਲੁਧਿਆਣਾ : ਮਜ਼ਦੂਰਾਂ ਵੱਲੋਂ ਪਿਛਲੇ ਸੌ ਸਾਲਾਂ ਵਿਚ ਸੰਘਰਸ਼ ਨਾਲ ਪ੍ਰਾਪਤ ਕੀਤੇ 29 ਲੇਬਰ ਕਾਨੂੰਨਾਂ ਨੂੰ ਚਾਰ ਲੇਬਰ ਕੋਡਾਂ ਵਿੱਚ ਬਦਲ ਕੇ ਮਜ਼ਦੂਰ ਜਮਾਤ ਨਾਲ ਬਹੁਤ ਵੱਡਾ ਧੱਕਾ ਕੀਤਾ ਗਿਆ ਹੈ। ਬਾਕੀ ਦੇ 15 ਕਾਨੂਨਾਂ ਬਾਰੇ ਵੀ ਤਲਵਾਰ ਲਟਕ ਰਹੀ ਹੈ। ਇਹ ਵਿਚਾਰ ਅੱਜ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ( ਏਟਕ ) ਦੇ ਕੌਮੀ ਜਨਰਲ ਸਕੱਤਰ ਸ੍ਰੀਮਤੀ ਅਮਰਜੀਤ ਕੌਰ ਨੇ ਜਾਇੰਟ ਕਾਊਂਸਲ ਆਫ਼ ਟਰੇਡ ਯੂਨੀਅਨਜ਼ ਲੁਧਿਆਣਾ ਵਲੋਂ ਆਯੋਜਿਤ ਇਕ ਦਿਨਾ ਵਰਕਸ਼ਾਪ ਵਿਚ ਪ੍ਰਗਟ ਕੀਤੇ।
ਲੇਬਰ ਕੋਡਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਨਾਲ ਸੰਗਠਿਤ ਖੇਤਰ ਦੇ ਵਿੱਚ ਕਾਮਿਆਂ ਦੀ ਗਿਣਤੀ ਬਹੁਤ ਘਟ ਜਾਏਗੀ ਅਤੇ ਠੇਕੇਦਾਰੀ ਪ੍ਰਥਾ ਦੇ ਕਾਰਨ ਅਤੇ ਫਿਕਸ ਟਰਮ ਇੰਪਲਾਇਮੈਂਟ ਦੇ ਕਾਰਨ ਗ਼ੈਰ ਜਥੇਬੰਦ ਖੇਤਰ ਵਾਲੀ ਹਾਲਤ ਜਥੇਬੰਦ ਖੇਤਰ ਦੇ ਕਾਮਿਆਂ ਦੀ ਵੀ ਹੋ ਜਾਏਗੀ। ਗ਼ੈਰ ਜਥੇਬੰਦ ਖੇਤਰ ਵਿਚ ਤਾਂ ਪਹਿਲਾਂ ਹੀ ਕਾਮਿਆਂ ਦਾ ਬਹੁਤ ਸ਼ੋਸ਼ਣ ਹੋ ਰਿਹਾ ਹੈ। ਕੰਮ ਦੇ ਘੰਟੇ 12 ਕਰਨ ਦੇ ਨਾਲ ਕੰਮ ਕਰਨ ਵਾਲੇ ਵਿੱਚ ਐਫੀਸ਼ੈਂਸੀ ਦੀ ਕਮੀ ਆ ਜਾਵੇਗੀ ਜਿਸ ਦਾ ਕਿ ਪੈਦਾਵਾਰ ਤੇ ਮਾੜਾ ਪ੍ਰਭਾਵ ਪਏਗਾ ।