ਲੁਧਿਆਣਾ : ਬਰੈੱਡ ਬਣਾਉਣ ਵਾਲੀਆਂ ਕੰਪਨੀਆਂ ਵਲੋਂ ਪਿਛਲੇ 6 ਮਹੀਨੇ ‘ਚ ਚੁੱਪ ਚੁਪੀਤੇ ਇਨ੍ਹਾਂ ਦੇ ਰੇਟਾਂ ‘ਚ 10 ਰੁਪਏ ਪ੍ਰਤੀ ਪੈਕੇਟ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਨਾਲ 700 ਗ੍ਰਾਮ ਦੀ ਬਰੈੱਡ ਜਿਸ ਦੀ ਬਾਜ਼ਾਰੀ ਕੀਮਤ ਪਹਿਲਾਂ 45 ਰੁਪਏ ਸੀ 3 ਮਹੀਨੇ ਪਹਿਲਾਂ 5 ਰੁਪਏ ਵਧਾ ਕੇ 50 ਤੇ ਮੁੜ 1 ਮਈ ਤੋਂ 5 ਰੁਪਏ ਵਧਾ ਕੇ 55 ਰੁਪਏ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ 400 ਗ੍ਰਾਮ ਵਾਲੀ ਆਟਾ ਬਰੈੱਡ 35 ਰੁਪਏ ਤੋਂ 45 ਰੁਪਏ, ਸੈਂਡਵਿਚ ਬਰੈੱਡ 400 ਗ੍ਰਾਮ 30 ਰੁਪਏ ਤੋਂ 40 ਰੁਪਏ ਕੀਤਾ ਗਿਆ ਹੈ। ਉਥੇ ਹੀ 10 ਰੁਪਏ ‘ਚ ਵੇਚੀ ਜਾਣ ਵਾਲੀ ਬਰੈੱਡ ਜਿਸ ਦਾ ਵਜ਼ਨ ਪਹਿਲਾਂ 125 ਗ੍ਰਾਮ ਹੁੰਦਾ ਸੀ ਤੋਂ ਘਟਾ ਕੇ 90 ਗ੍ਰਾਮ ਕਰ ਦਿੱਤਾ ਗਿਆ ‘ਤੇ ਇਸ ਦੀ ਜਗ੍ਹਾ 150 ਗਰਾਮ ਦੀ ਬਰੈੱਡ ਦਾ ਪੈਕੇਟ 15 ਰੁਪਏ ‘ਚ ਵੇਚਿਆ ਜਾ ਰਿਹਾ ਹੈ।
ਇਕ ਪਾਸੇ ਜਿਥੇ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਿਸਾਨ ਆਪਣੀਆਂ ਫ਼ਸਲਾਂ ਦੇ ਭਾਅ ਸਰਕਾਰਾਂ ਪਾਸੋਂ ਨਿਸ਼ਚਤ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ, ਉਥੇ ਹੀ ਉਨ੍ਹਾਂ ਵਲੋਂ ਪੈਦਾ ਕੀਤੀ ਜਿਣਸ ਤੋਂ ਖਾਣ ਵਾਲੇ ਪਦਾਰਥ ਤਿਆਰ ਕਰਨ ਵਾਲੇ ਵੱਡੇ ਉਦਯੋਗਪਤੀ ਆਪਣੀ ਮਨਮਰਜ਼ੀ ਨਾਲ ਭਾਅ ਵਧਾ ਕੇ ਮੋਟਾ ਮੁਨਾਫ਼ਾ ਕਮਾ ਰਹੇ ਹਨ।