ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੁਆਰਾ ਵਿੱਤੀ ਸਹਾਇਤਾ ਪ੍ਰਾਪਤ ‘ਫਾਰਮਰ ਫ਼ਸਟ’ ਪ੍ਰਾਜੈਕਟ ਅਧੀਨ ਡੇਅਰੀ ਕਿਸਾਨਾਂ ਲਈ ‘ਕੱਟਿਆਂ ਵੱਛਿਆਂ ਦੀ ਦੇਖਭਾਲ ਦਿਵਸ’ ਦਾ ਆਯੋਜਨ ਕੀਤਾ ਗਿਆ। ਨਿਰਦੇਸ਼ਕ ਪਸਾਰ ਸਿੱਖਿਆ ਤੇ ਫਾਰਮਰ ਫ਼ਸਟ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਡਾ. ਪਰਕਾਸ਼ ਸਿੰਘ ਬਰਾੜ ਦੀ ਅਗਵਾਈ ਹੇਠ ਪ੍ਰਾਜੈਕਟ ਦੇ ਸਹਿ-ਨਿਰੀਖਕ ਡਾ. ਰਾਜੇਸ਼ ਕਸਰੀਜਾ ਨੇ ਇਹ ਆਯੋਜਨ ਕੀਤਾ।
ਡਾ. ਨਵਕਿਰਨ ਕੌਰ ਤੇ ਡਾ. ਗੁਰਕਰਨ ਨੇ ਸਮੁੱਚੇ ਸਮਾਗਮ ਦਾ ਸੰਚਾਲਨ ਕੀਤਾ। ਇਸ ਦਿਵਸ ਵਿਚ ਪਿੰਡ ਕਲਾਲਾ ਤੇ ਚੰਨਣਵਾਲ ਦੇ ਕਰੀਬ 50 ਲਾਭਪਾਤਰੀ ਕਿਸਾਨਾਂ ਨੇ ਭਾਗ ਲਿਆ। ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਕੁੱਲ 137 ਵੱਛਿਆਂ ਕੱਟਿਆਂ ਦਾ ਇਲਾਜ ਕੀਤਾ ਗਿਆ, ਇਨ੍ਹਾਂ ‘ਚੋਂ ਜ਼ਿਆਦਾਤਰ ਪਸ਼ੂਆਂ ਦਾ ਪਰਜੀਵੀਆਂ ਦੀ ਪ੍ਰੇਸ਼ਾਨੀ ਸੰਬੰਧੀ ਇਲਾਜ ਕੀਤਾ ਗਿਆ। ਡਾ. ਕਸਰੀਜਾ ਨੇ ਉਨ੍ਹਾਂ ਨੂੰ ਵੱਛਿਆਂ ਦੇ ਵਿਗਿਆਨਕ ਪਾਲਨ ਪੋਸ਼ਣ ਬਾਰੇ ਵੀ ਜਾਗਰੂਕ ਕੀਤਾ।
ਕਿਸਾਨਾਂ ਨੂੰ ਸਿੰਗ ਦਾਗ਼ਣ, ਬਉਲੀ ਪਿਆਉਣ, ਮਲੱਪ ਰਹਿਤ ਕਰਨ, ਪਰਜੀਵੀ ਪ੍ਰਬੰਧਨ ਤੇ ਟੀਕਾਕਰਨ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ। ਲਾਭਪਾਤਰੀਆਂ ਨੂੰ ਕਿਹਾ ਗਿਆ ਕਿ ਜਦੋਂ ਵੀ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਆਵੇ ਤਾਂ ਉਹ ਕੰਮਕਾਜੀ ਦਿਨਾਂ ‘ਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮੋਬਾਈਲ ਨੰਬਰ 62832-97919 ਤੇ 62832-58834 ਰਾਹੀਂ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਸੰਪਰਕ ਕਰਨ।