ਲੁਧਿਆਣਾ : ਰਜਿਸਟਰੀਆਂ , ਐਨਓਸੀ ਤੇ ਬਿਜਲੀ ਦੇ ਮੀਟਰ ਨਾ ਖੋਲ੍ਹਣ ਦੇ ਚਲਦੇ ਹੈਬੋਵਾਲ ਪ੍ਰਾਪਰਟੀ ਡੀਲਰ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਨੇ ਬੁੱਧਵਾਰ ਸਵੇਰੇ ਸਬ ਰਜਿਸਟਰਾਰ (ਪੱਛਮੀ ) ਦੇ ਦਫ਼ਤਰ ਦੇ ਬਾਹਰ ਧਰਨਾ ਦੇ ਦਿੱਤਾ। ਪ੍ਰਾਪਰਟੀ ਡੀਲਰ ਸਬ ਰਜਿਸਟਰਾਰ (ਪੱਛਮੀ ) ਵਿਜੈ ਬਾਂਸਲ ਦੇ ਜ਼ਰੀਏ ਮੁੱਖ ਮੰਤਰੀ ਪੰਜਾਬ ਨੂੰ ਇਕ ਮੰਗ ਪੱਤਰ ਭੇਜਣਗੇ ।
ਜਾਣਕਾਰੀ ਦਿੰਦਿਆਂ ਪ੍ਰਾਪਰਟੀ ਡੀਲਰ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਦੇ ਪ੍ਰਧਾਨ ਮਨਦੀਪ ਸਿੰਘ ਮਨੀ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਮੰਦੀ ਦੇ ਦੌਰ ‘ਚ ਗੁਜ਼ਰ ਰਹੇ ਪ੍ਰਾਪਰਟੀ ਕਾਰੋਬਾਰ ‘ਚ ਬਿਜਲੀ ਦੇ ਮੀਟਰ,ਰਜਿਸਟਰੀਆਂ ਅਤੇ ਐਨਓਸੀ ਨਾ ਦੇ ਕੇ ਸਰਕਾਰ ਇਸ ਕਾਰੋਬਾਰ ਨੂੰ ਖ਼ਤਮ ਕਰ ਰਹੀ ਹੈ । ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਲੋਨਾਈਜ਼ਰਾਂ ਨੇ ਸਰਕਾਰ ਨੂੰ ਮੰਗ ਕੀਤੀ ਕਿ ਇਨ੍ਹਾਂ ਸਾਰੀਆਂ ਮੰਗਾਂ ਦੇ ਨਾਲ ਨਾਲ ਸਰਕਾਰ ਉਨ੍ਹਾਂ ਕਲੋਨੀਆਂ ਨੂੰ ਰੈਗੂਲਰ ਕਰੇ ਜੋ ਅੱਜ ਤਕ ਕੱਟੀਆਂ ਜਾ ਚੁੱਕੀਆਂ ਹਨ ।
ਉਨ੍ਹਾਂ ਅਪੀਲ ਕੀਤੀ ਕਿ ਇਸ ਸਬੰਧ ਵਿਚ ਇਕ ਸਰਲ ਵਨ ਟਾਈਮ ਸੈਟਲਮੈਂਟ ਪਾਲਿਸੀ ਸਿੰਗਲ ਵਿੰਡੋ ਸਿਸਟਮ ਰਾਹੀਂ ਲਿਆਂਦੀ ਜਾਵੇ ਤਾਂ ਕਿ ਜੋ ਹੁਣ ਤਕ ਕੱਟੀਆਂ ਗਈਆਂ ਕਲੋਨੀਆਂ ਹਨ ਉਨ੍ਹਾਂ ਦੀ ਫੀਸ ਜਮ੍ਹਾਂ ਕਰਵਾਈ ਜਾ ਸਕੇ । ਕਲੋਨਾਈਜ਼ਰਾਂ ਨੇ ਆਖਿਆ ਕਿ ਇਸ ਦੇ ਨਾਲ ਜਿੱਥੇ ਪ੍ਰਾਪਰਟੀ ਕਾਰੋਬਾਰੀਆਂ ਦਾ ਕੰਮ ਚੱਲੇਗਾ ਉਥੇ ਸਰਕਾਰ ਦਾ ਖਜ਼ਾਨਾ ਵੀ ਭਰੇਗਾ ।