ਲੁਧਿਆਣਾ : ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਦਿ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਦੀ ਸਾਂਝੀ ਮੀਟਿੰਗ ਇੱਥੇ ਹੋਈ, ਜਿਸ ਵਿਚ ਸੰਗਰੂਰ ਜ਼ਿਲ੍ਹੇ ਦੇ ਪ੍ਰਧਾਨ ਦੀਦਾਰ ਸਿੰਘ ਛੋਕਰ ’ਤੇ ਵਿਜੀਲੈਂਸ ਵੱਲੋਂ ਝੂਠੀ ਸ਼ਿਕਾਇਤ ਉੱਪਰ ਮਾਮਲਾ ਦਰਜ ਕਰਨ ਦੀ ਨਿਖੇਧੀ ਕੀਤੀ ਗਈ।
ਇਸ ਦੇ ਵਿਰੋਧ ਵਿਚ ਪੰਜਾਬ ਦੇ ਸਮੂਹ ਪਟਵਾਰੀਆਂ ਅਤੇ ਕਾਨੂੰਗੋ ਵੱਲੋ 15 ਮਈ ਤਕ ਸਮੂਹਿਕ ਛੂਟੀ ਉਪਰ ਜਾਣ ਦਾ ਫ਼ੈਸਲਾ ਲਿਆ ਗਿਆ। ਸਾਰੇ ਪਟਵਾਰੀ ਤੇ ਕਾਨੂੰਗੋ 4 ਤੋਂ 6 ਮਈ ਤਕ ਫਿਰ 9 ਤੋਂ 15 ਮਈ ਤਕ ਸਮੂਹਿਕ ਛੁੱਟੀ ’ਤੇ ਰਹਿਣਗੇ।
ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਅਤੇ ਦਿ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰੁਪਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਝੂਠਾ ਮਾਮਲਾ ਦਰਜ ਕਰ ਕੇ ਛੋਕਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਸਾਰਾ ਮਾਮਲਾ ਸਿਆਸਤ ਤੋ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ 15 ਮਈ ਤਕ ਦੀਦਾਰ ਸਿੰਘ ਛੋਕਰ ’ਤੇ ਦਰਜ ਮਾਮਲਾ ਵਾਪਸ ਨਾ ਲਿਆ ਤਾਂ ਸੰਘਰਸ਼ ਦੀ ਅਗਲੀ ਰਣਨੀਤੀ ਐਲਾਨੀ ਜਾਵੇਗੀ।