ਲੁਧਿਆਣਾ : ਗੁਰਭਜਨ ਗਿੱਲ ਦਾ ਗੀਤ ਸੰਗ੍ਰਹਿ ਪਿੱਪਲ ਪੱਤੀਆਂ ਧਰਤੀ ਦੇ ਫ਼ਿਕਰਾਂ ਦੀ ਲੰਮੀ ਦਾਸਤਾਨ ਹੈ। ਅੱਜ ਲੁਧਿਆਣਾ ਸਥਿਤ ਪਿੰਕੀ ਜੌਹਲ ਹਰਬਲ ਪਾਰਕ ਠੱਕਰਵਾਲ ਵਿਖੇ ਇਸ ਗੀਤ ਸੰਗ੍ਰਹਿ ਨੂੰ ਲੋਕ ਅਰਪਨ ਕਰਦਿਆਂ ਪਦਮ ਭੂਸ਼ਨ ਡਾਃ ਸ ਸ ਜੌਹਲ ਸਾਬਕਾ ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਨੇ ਕਿਹਾ ਕਿ ਮੈਂ ਗੁਰਭਜਨ ਗਿੱਲ ਦੀਆਂ ਲਗਪਗ ਸਭ ਲਿਖਤਾਂ ਪੜ੍ਹੀਆਂ ਹਨ ਅਤੇ ਉਸ ਦੀ ਲੋਕ ਜ਼ਬਾਨ ਵਿੱਚ ਕੀਤੀ ਸਿਰਜਣਾ ਕਾਰਨ ਉਸ ਦੀ ਲਿਖਤ ਦਾ ਮੇਰੇ ਮਨ ਵਿੱਚ ਸਤਿਕਾਰ ਹੈ।
ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਤੇ ਸ਼੍ਰੇਸ਼ਟ ਕਵੀ ਡਾਃ ਸੁਰਜੀਤ ਪਾਤਰ ਨੇ ਕਿਹਾ ਕਿ ਗੁਰਭਜਨ ਗਿੱਲ ਦੀ ਹਰ ਲਿਖਤ ਵਿੱਚ ਇਸ ਧਰਤੀ ਦੇ ਹੌਕੇ ਹਾਵੇ, ਉਦਰੇਵੇਂ ਤਾਂ ਬੋਲਦੇ ਹੀ ਹਨ ਨਾਲ ਹੀ ਉਸ ਦੇ ਗੀਤ ਕਿਸੇ ਵੱਡੀ ਲੜਾਈ ਨੂੰ ਲੜਨ ਦੀ ਲੋੜ ਦਾ ਅਹਿਸਾਸ ਵੀ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਕੁਦਰਤ ਦੀ ਬੁੱਕਲ ਵਿੱਚ ਇਸ ਗੀਤ ਸੰਗ੍ਰਹਿ ਦਾ ਲੋਕ ਸਮਰਪਨ ਹੋਣਾ ਨਵੀਂ ਪਹਿਲ ਕਦਮੀ ਹੈ ਜੋ ਸਵਾਗਤਯੋਗ ਹੈ।
ਇਸ ਮੌਕੇ ਬੋਲਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਮੇਰਾ ਪਹਿਲਾ ਗੀਤ ਸੰਗ੍ਰਹਿ ਫੁੱਲਾਂ ਦੀ ਝਾਂਜਰ 2005 ਵਿੱਚ ਛਪਿਆ ਸੀ ਅਤੇ ਡਾਃ ਆਤਮਜੀਤ ਨੇ ਉਸ ਵੇਲੇ ਮੈਨੂੰ ਹਲਾਸ਼ੇਰੀ ਦੇ ਕੇ ਇਸ ਮਾਰਗ ਤੇ ਲਗਾਤਾਰ ਤੁਰੇ ਰਹਿਣ ਦੀ ਪ੍ਰੇਰਨਾ ਦਿੱਤੀ ਸੀ। ਪਿੱਪਲ ਪੱਤੀਆਂ ਗੀਤ ਸੰਗ੍ਰਹਿ ਰਾਹੀਂ ਮੈਂ ਉਹੀ ਇਕਰਾਰ ਪੂਰਾ ਕਰ ਰਿਹਾਂ, ਜੋ ਮੈਂ ਆਪਣੇ ਆਪ ਨਾਲ ਕੀਤਾ ਸੀ ਕਿ ਗੀਤ ਨੂੰ ਹਰ ਪਲ ਅੰਗ ਸੰਗ ਰੱਖਣਾ ਹੈ। ਇਸ ਗੀਤ ਸੰਗ੍ਰਹਿ ਰਾਹੀਂ ਮੈਂ ਧਰਤੀ ਦੇ ਅੱਥਰੂ ਸ਼ਬਦਾਂ ਹਵਾਲੇ ਕੀਤੇ ਹਨ।