ਲੁਧਿਆਣਾ : ਸਥਾਨਕ ਫੋਕਲ ਪੁਆਇੰਟ ਦੇ ਇਲਾਕੇ ‘ਚ ਵੱਖ-ਵੱਖ ਥਾਵਾਂ ‘ਤੇ ਦੋ ਫ਼ੈਕਟਰੀਆਂ ਦੇ ਤਾਲੇ ਤੋੜ ਕੇ ਚੋਰ ਲੱਖਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ‘ਚ ਫੋਕਲ ਪੁਆਇੰਟ ਦੇ ਫ਼ੇਜ਼ 7 ਵਿਚ ਸਥਿਤ ਗੌਰਵ ਗੋਇਲ ਦੀ ਫ਼ੈਕਟਰੀ ‘ਚੋਂ ਚੋਰ ਤਾਲੇ ਤੋੜ ਕੇ ਲੱਖਾਂ ਰੁਪਏ ਮੁੱਲ ਮੋਟਰਸਾਈਕਲ, ਡੀ. ਵੀ. ਆਰ. ਤੇ ਹੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ।
ਗੌਰਵ ਗੋਇਲ ਬੀਤੀ ਰਾਤ ਫ਼ੈਕਟਰੀ ਬੰਦ ਕਰਕੇ ਗਿਆ ਸੀ, ਜਦ ਅਗਲੇ ਦਿਨ ਉਹ ਵਾਪਸ ਆਇਆ ਤਾਂ ਫ਼ੈਕਟਰੀ ਦੇ ਤਾਲੇ ਟੁੱਟੇ ਹੋਏ ਸਨ ਤੇ ਸਾਮਾਨ ਚੋਰੀ ਹੋ ਚੁੱਕਾ ਸੀ। ਫ਼ੈਕਟਰੀ ‘ਚ ਸੀ. ਸੀ. ਟੀ. ਵੀ. ਕੈਮਰੇ ਵੀ ਲੱਗੇ ਹੋਏ ਸਨ, ਪਰ ਚੋਰਾਂ ਵਲੋਂ ਉਸ ਦਾ ਡੀ. ਵੀ. ਆਰ. ਚੋਰੀ ਕਰ ਲਿਆ ਗਿਆ। ਪੁਲਿਸ ਵਲੋਂ ਕੇਸ ਦਰਜ ਕਰਨ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੂਜੇ ਅਜਿਹੇ ਮਾਮਲੇ ‘ਚ ਨੀਚੀ ਮੰਗਲੀ ‘ਚ ਵੀ ਚੋਰਾਂ ਵਲੋਂ ਜਸਵਿੰਦਰ ਸਿੰਘ ਦੀ ਫ਼ੈਕਟਰੀ ਦੇ ਤਾਲੇ ਤੋੜ ਕੇ ਨੱਟ ਬੋਲਟ ਅਤੇ ਉਹ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਚੋਰੀ ਦੀ ਇਹ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ‘ਚ ਕੈਦ ਹੋ ਗਈ, ਜਿਸ ‘ਚ ਤਿੰਨ ਚੋਰਾਂ ਵਲੋਂ ਚੋਰੀ ਦਾ ਮਾਲ ਇਕ ਜੀਪ ਵਿਚ ਲੱਦ ਕੇ ਲਿਜਾਂਦਿਆਂ ਦਿਖਾਇਆ ਗਿਆ ਹੈ। ਪੁਲਿਸ ਵਲੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।