ਲੁਧਿਆਣਾ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ, ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ “ਬੇਕਰੀ ਅਤੇ ਕੰਨਫੈਕਸ਼ਨਰੀ” ਦਾ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ ਲਗਭਗ 64 ਸਿਖਿਆਰਥੀਆਂ ਨੇ ਭਾਗ ਲਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕੁਲਦੀਪ ਸਿੰਘ ਪੰਧੂ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਇਸ ਕੋਰਸ ਵਿੱਚ ਭਾਗ ਲੈ ਰਹੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਕੋਰਸ ਅਜੋਕੇ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਸਿਖਿਆਰਥੀਆਂ ਲਈ ਲਗਾਇਆ ਗਿਆ। ਇਸ ਪੰਜ ਦਿਨਾਂ ਕੋਰਸ ਵਿੱਚ ਸਿਖਿਆਰਥੀਆਂ ਨੂੰ ਬੇਕਰੀ ਅਤੇ ਕੰਨਫੈਕਸ਼ਨਰੀ ਦੇ ਸੰਬੰਧ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਾ ਮਾਹਿਰਾਂ ਕੋਲੋਂ ਪ੍ਰੈਕਟੀਕਲ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ।
ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਇਸ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਡਾ. ਸੋਨਿਕਾ ਸ਼ਰਮਾ, ਡਾ. ਨਵਜੋਤ ਕੌਰ ਅਤੇ ਡਾ. ਅਮਰਜੀਤ ਕੌਰ ਨੇ ਆਟੇ ਦੇ ਬਿਸਕੁਟ, ਨਮਕੀਨ ਬਿਸਕੁਟ ਅਤੇ ਕੋਕੋ ਬਿਸਕੁਟ, ਬਰੈਡ ਅਤੇ ਚੈਰੀ ਬੰਨਜ ਬਨਾਉਣੇ ਸਿਖਾਏ। ਡਾ. ਜਸਵਿੰਦਰ ਕੌਰ ਬਰਾੜ ਅਤੇ ਡਾ. ਹਰਪ੍ਰੀਤ ਕੌਰ ਨੇ ਮਫਨਜ, ਕੋਕੋਨਟ ਕੈਸਲਜ, ਡੋਨਟਸ, ਕੈਰੇਮਲ ਕੇਕ, ਸਪੰਜ ਕੇਕ ਅਤੇ ਬਿਨਾਂ ਅੰਡੇ ਦਾ ਕੇਕ ਬਣਾ ਕੇ ਸਿਖਿਆਰਥੀਆਂ ਨੂੰ ਸਿਖਾਇਆ।
ਪੀ.ਏ.ਯੂ. ਦੇ ਸਫਲ ਉੱਦਮੀ ਮੈਡਮ ਮਨਜੀਤ ਕੌਰ ਨੇ ਕੇਕ ਦੀ ਸਜਾਵਟ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਕੋਰਸ ਦੇ ਤਕਨੀਕੀ ਮਾਹਿਰ ਡਾ. ਜਸਵਿੰਦਰ ਕੌਰ ਬਰਾੜ ਸਨ। ਉਹਨਾਂ ਨੇ ਸਿਖਿਆਰਥੀਆਂ ਨੂੰ ਸਵੈ-ਨਿਰਭਰ ਹੋਣ ਲਈ ਅਜਿਹੇ ਕੋਰਸਾਂ ਵਿੱਚ ਭਾਗ ਲੈਣ ਸੰਬੰਧੀ ਜਾਗਰੂਕ ਕੀਤਾ।
ਅੰਤ ਵਿੱਚ ਸ਼੍ਰੀਮਤੀ ਕੰਵਲਜੀਤ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।