ਲੁਧਿਆਣਾ : ਭਾਰਤੀ ਕਮਿਊਨਿਸਟ ਪਾਰਟੀ ਮਲੌਦ ਬਲਾਕ ਦੇ ਸਕੱਤਰ ਅਤੇ ਟ੍ਰੇਡ ਯੂਨੀਅਨ ਕੌਂਸਲ ਮਲੌਦ ਦੇ ਆਗੂ ਸਾਥੀ ਭਗਵਾਨ ਸਿੰਘ ਸੋਮਲਖੇੜੀ ਦੀ ਅਗਵਾਈ ਵਿਚ ਵੱਖ ਵੱਖ ਥਾਂਵਾਂ ਤੇ ਮਈ ਦਿਵਸ ਮਨਾਇਆ ਗਿਆ। ਇਨ੍ਹਾਂ ਥਾਵਾਂ ਤੇ ਹੋਏ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਸਾਥੀ ਸੋਮਲਖੇੜੀ ਨੇ ਕਿਹਾ ਕਿ ਮੋਦੀ ਸਰਕਾਰ ਖੁੱਲ੍ਹੇਆਮ ਦੇਸ਼ ਨੂੰ ਵਿਦੇਸ਼ੀ ਪੂੰਜੀਪਤੀਆਂ ਨੂੰ ਸੌਂਪਣ ਲੱਗੀ ਹੈ । ਜਿਸ ਕਾਰਨ ਸਾਡੇ ਦੇਸ਼ ਦੀ ਪੂੰਜੀ ਵਿਦੇਸ਼ੀ ਪੂੰਜੀਪਤੀਆਂ ਦੇ ਹੱਥਾਂ ਵਿੱਚ ਜਾ ਰਹੀ ਹੈ।
ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪੈ ਰਹੇ ਹਨ। ਸਰਕਾਰ ਪੱਕੇ ਮੁਲਾਜ਼ਮ ਰੱਖਣ ਦੀ ਥਾਂ ਤੇ ਠੇਕੇਦਾਰੀ ਪ੍ਰਬੰਧ ਨੂੰ ਹੱਲਾਸ਼ੇਰੀ ਦੇ ਰਹੀ ਹੈ । ਡੀਜ਼ਲ, ਪੈਟਰੋਲ, ਗੈਸ, ਖਾਣ ਵਾਲੇ ਤੇਲ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਜਿਸ ਕਰ ਕੇ ਆਮ ਲੋਕਾਂ ਨੂੰ ਆਪਣਾ ਚੁੱਲ੍ਹਾ ਚੌਂਕਾ ਚਲਾਉਣਾ ਔਖਾ ਹੋ ਗਿਆ ਹੈ ।
ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਆਰਐੱਸਐੱਸ ਦੀ ਹੱਥ ਠੋਕਾ ਮੋਦੀ ਸਰਕਾਰ ਸਮਾਜ ਨੂੰ ਫ਼ਿਰਕੂ ਲੀਹਾਂ ਤੇ ਵੰਡ ਰਹੀ ਹੈ । 44 ਕਿਰਤ ਕਾਨੂੰਨਾਂ ਦੀ ਥਾਂ ਤੇ 4 ਲੇਬਰ ਕੋਡ ਬਣਾ ਕੇ ਮਜ਼ਦੂਰਾਂ ਦੇ ਹੱਕਾਂ ਤੇ ਛਾਪਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਨੇ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਵਿਸ਼ਾਲ ਸੰਘਰਸ਼ ਕਰਨ ਦਾ ਸੱਦਾ ਦਿੱਤਾ ਹੈ।