ਪਟਿਆਲਾ ਦੂਜੇ ਦਿਨ ਵੀ ਸਭ ਤੋਂ ਗਰਮ ਰਿਹਾ, ਜਿੱਥੇ ਤਾਪਮਾਨ 45.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ; 2 ਮਈ ਤੋਂ ਮੌਸਮ ਬਦਲ ਜਾਵੇਗਾ।
ਲੁਧਿਆਣਾ : ਪੰਜਾਬ ਦੇ ਬਹੁਤੇ ਜ਼ਿਲ੍ਹੇ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਹਨ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਪਟਿਆਲਾ ਲਗਾਤਾਰ ਦੂਜੇ ਦਿਨ ਸਭ ਤੋਂ ਗਰਮ ਰਿਹਾ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 45.7 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਸੱਤ ਡਿਗਰੀ ਸੈਲਸੀਅਸ ਵੱਧ ਸੀ।
ਹੁਸ਼ਿਆਰਪੁਰ ਦਾ ਵੱਧ ਤੋਂ ਵੱਧ ਤਾਪਮਾਨ 44.1 ਡਿਗਰੀ ਸੈਲਸੀਅਸ, ਬਠਿੰਡਾ, ਮੁਕਤਸਰ ਅਤੇ ਬਰਨਾਲਾ ਵਿਚ 44, ਲੁਧਿਆਣਾ ਵਿਚ 43.2 ਤਾਪਮਾਨ ਅੰਮ੍ਰਿਤਸਰ ਵਿਚ 43.4, ਫਿਰੋਜ਼ਪੁਰ ਵਿਚ 43.4 ਅਤੇ ਜਲੰਧਰ ਵਿਚ 42.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ ਮਨਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ ਚ 1 ਮਈ ਤਕ ਗਰਮੀ ਦਾ ਅਸਰ ਹੋਰ ਵਧੇਗਾ। ਇਸ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 45 ਤੋਂ 46 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਪੱਛਮੀ ਗੜਬੜੀ 2 ਅਤੇ 3 ਮਈ ਨੂੰ ਸਰਗਰਮ ਹੋ ਰਹੀ ਹੈ। ਇਸ ਦੌਰਾਨ ਪੰਜਾਬ ਭਰ ‘ਚ ਧੂੜ ਭਰੀ ਹਨੇਰੀ, ਮੀਂਹ ਦੇ ਨਾਲ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।