ਪੰਜਾਬੀ
ਕੀਨੀਆ ਦੇ ਖੇਤੀ ਮੰਤਰੀ ਸਣੇ ਤਿੰਨ ਮੈਂਬਰੀ ਵਫ਼ਦ ਨੇ ਪੀ.ਏ.ਯੂ. ਦਾ ਦੌਰਾ ਕੀਤਾ
Published
3 years agoon
ਲੁਧਿਆਣਾ : ਕੀਨੀਆ ਤੋਂ ਤਿੰਨ ਮੈਂਬਰਾਂ ਦਾ ਵਫ਼ਦ ਜਿਸ ਵਿੱਚ ਉਥੋਂ ਦੇ ਗਵਰਨਰ ਸ਼੍ਰੀ ਪੈਟਿ੍ਰਕ ਖਾਏਂਬਾ ਉਹਨਾਂ ਦੀ ਪਤਨੀ ਸ਼੍ਰੀਮਤੀ ਲੀਡੀਆ ਸਿਰੋਨੀ ਅਤੇ ਕੀਨੀਆ ਦੇ ਖੇਤੀਬਾੜੀ ਮੰਤਰੀ ਸ਼੍ਰੀਮਤੀ ਮੇਰੀ ਅਨਜ਼ੋਮੋ ਨੇ ਦੁਵੱਲੀ ਸਾਂਝ ਦੇ ਖੇਤਰਾਂ ਬਾਰੇ ਗੱਲ ਕਰਨ ਲਈ ਬੀਤੇ ਦਿਨੀਂ ਪੀ.ਏ.ਯੂ. ਦਾ ਦੌਰਾ ਕੀਤਾ । ਇਸ ਵਫ਼ਦ ਨੇ ਪੀ.ਏ.ਯੂ. ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਵਫ਼ਦ ਨੂੰ ਯੂਨੀਵਰਸਿਟੀ ਬਾਰੇ ਜਾਣੂੰ ਕਰਵਾਇਆ । ਉਹਨਾਂ ਕਿਹਾ ਕਿ ਪੀ.ਏ.ਯੂ. ਹਰੀ ਕ੍ਰਾਂਤੀ ਲਿਆਉਣ ਵਾਲਾ ਸੰਸਥਾਨ ਹੈ ਜੋ ਖੇਤ ਮਸ਼ੀਨਰੀ ਦੇ ਨਾਲ-ਨਾਲ ਸ਼ਹਿਦ ਮੱਖੀ ਪਾਲਣ ਅਤੇ ਖੇਤੀ ਦੇ ਹੋਰ ਖੇਤਰਾਂ ਵਿੱਚ ਭਾਰਤ ਵਿੱਚ ਮੋਹਰੀ ਭੂਮਿਕਾ ਨਿਭਾਉਂਦਾ ਰਿਹਾ ਹੈ । ਉਹਨਾਂ ਨੇ ਪੀ.ਏ.ਯੂ. ਦੇ ਕਿਸਾਨਾਂ ਨਾਲ ਨੇੜਲੇ ਸੰਬੰਧਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਪੰਜਾਬ ਵਿੱਚ ਹੀ ਨਹੀਂ ਪੂਰੇ ਭਾਰਤ ਵਿੱਚ ਖੇਤੀ ਦੇ ਵਿਕਾਸ ਦਾ ਚਿਹਰਾ-ਮੋਹਰਾ ਨਿਖਾਰਨ ਵਿੱਚ ਪੀ.ਏ.ਯੂ. ਦਾ ਵੱਡਾ ਹੱਥ ਹੈ ।
ਡਾ. ਢੱਟ ਨੇ ਕਿਹਾ ਕਿ ਵਰਤਮਾਨ ਸਮੇਂ ਯੂਨੀਵਰਸਿਟੀ ਦਾ ਧਿਆਨ ਫਸਲ ਉਤਪਾਦਨ ਦੇ ਨਾਲ-ਨਾਲ ਮਿਆਰ ਅਤੇ ਵਾਤਾਵਰਨ ਪੱਖੀ ਖੇਤੀ ਸੰਬੰਧੀ ਖੋਜ ਕਰਨ ਵੱਲ ਹੈ । ਉਹਨਾਂ ਕਿਹਾ ਕਿ ਭੂਮੀ ਅਤੇ ਪਾਣੀ ਦੀ ਸੰਭਾਲ ਦੇ ਨਾਲ-ਨਾਲ ਫਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਯੂਨੀਵਰਸਿਟੀ ਨੇ ਜ਼ਿਕਰਯੋਗ ਕੰਮ ਕੀਤਾ ਹੈ । ਡਾ. ਢੱਟ ਨੇ ਕੀਨੀਆ ਨਾਲ ਦੁਵੱਲੀ ਸਾਂਝ ਦੇ ਖੇਤਰਾਂ ਦਾ ਜ਼ਿਕਰ ਕਰਦਿਆਂ ਕਣਕ, ਝੋਨਾ, ਮੱਕੀ, ਕਮਾਦ ਅਤੇ ਨਰਮੇ ਦੀ ਗੱਲ ਕੀਤੀ ।
ਕੀਨੀਆ ਦੇ ਗਵਰਨਰ ਸ਼੍ਰੀ ਪੈਟਿ੍ਰਕ ਖਾਏਂਬਾ ਨੇ ਖੇਤੀ ਦੇ ਵਿਕਾਸ ਵਿੱਚ ਪੀ.ਏ.ਯੂ. ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਮੌਜੂਦਾ ਸਮਾਂ ਕੀਨੀਆ ਦੇ ਲੋਕਾਂ ਅਤੇ ਉਥੋਂ ਦੀ ਸਰਕਾਰ ਲਈ ਬੇਹੱਦ ਅਹਿਮ ਹੈ । ਉਹਨਾਂ ਨੇ ਖੇਤੀ ਵਿਕਾਸ ਦੀਆਂ ਨਵੀਆਂ ਤਕਨਾਲੋਜੀਆਂ ਜਾਣਨ ਲਈ ਪੀ.ਏ.ਯੂ. ਨਾਲ ਸਾਂਝ ਵਧਾਉਣ ਨੂੰ ਬੇਹੱਦ ਮਹੱਤਵਪੂਰਨ ਕਿਹਾ ਕਿ ਉਹਨਾਂ ਦੀ ਇੱਛਾ ਹੈ ਕਿ ਪੀ.ਏ.ਯੂ. ਕੀਨੀਆ ਦੇ ਖੇਤੀ ਵਿਕਾਸ ਨੂੰ ਸੇਧ ਦੇਵੇ ਅਤੇ ਦੋਵਾਂ ਦੇਸ਼ਾਂ ਦੀ ਭਲਾਈ ਲਈ ਕਾਰਜ ਕਰੇ ।
ਕੀਨੀਆ ਦੇ ਖੇਤੀ ਮੰਤਰੀ ਸ਼੍ਰੀਮਤੀ ਮੇਰੀ ਅਨਜ਼ੋਮੋ ਨੇ ਕਿਹਾ ਕਿ ਪੰਜਾਬ ਅਤੇ ਕੀਨੀਆ ਵਿਚਕਾਰ ਬਹੁਤ ਸਾਰੀਆਂ ਸਮਾਨਤਾਵਾਂ ਹਨ ਇਹਨਾਂ ਵਿੱਚੋਂ ਕਣਕ-ਝੋਨਾ ਫਸਲੀ ਚੱਕਰ ਪ੍ਰਮੁੱਖ ਹੈ । ਇਸ ਦੇ ਨਾਲ ਹੀ ਉਹਨਾਂ ਨੇ ਭੋਜਨ ਅਤੇ ਪੋਸ਼ਣ ਦੇ ਨਾਲ-ਨਾਲ ਫ਼ਸਲੀ ਵਿਭਿੰਨਤਾ ਜਿਵੇਂ ਅਨਾਜ ਫ਼ਸਲਾਂ ਅਤੇ ਦਾਲਾਂ ਦੀ ਕਾਸ਼ਤ ਲਈ ਸਾਂਝੇ ਯਤਨਾਂ ਦੀ ਲੋੜ ਤੇ ਜ਼ੋਰ ਦਿੱਤਾ ।
ਇਸ ਤੋਂ ਇਲਾਵਾ ਉਹਨਾਂ ਨੇ ਪਸਾਰ ਗਤੀਵਿਧੀਆਂ ਅਤੇ ਪੀ.ਏ.ਯੂ. ਵੱਲੋਂ ਖੇਤੀ ਮੁਹਾਰਤ ਦੇ ਵਿਕਾਸ ਲਈ ਦਿੱਤੀਆਂ ਜਾਂਦੀਆਂ ਸਿਖਲਾਈਆਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ । ਇਸ ਤੋਂ ਪਹਿਲਾਂ ਉਦਯੋਗ ਸੰਪਰਕ ਦੇ ਇੰਚਾਰਜ ਡਾ. ਵਿਸ਼ਾਲ ਬੈਕਟਰ ਨੇ ਕੀਨੀਆ ਦੇ ਵਫ਼ਦ ਦਾ ਸਵਾਗਤ ਕੀਤਾ । ਉਹਨਾਂ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਲਈ ਪੀ.ਏ.ਯੂ. ਸਭ ਤੋਂ ਪਸੰਦੀਦਾ ਅਕਾਦਮਿਕ ਸੰਸਥਾਨ ਹੈ ।
ਵਫ਼ਦ ਨੂੰ ਪੀ.ਏ.ਯੂ. ਦੀਆਂ ਪ੍ਰਕਾਸ਼ਨਾਵਾਂ ਦਾ ਸੈੱਟ ਭੇਂਟ ਕੀਤਾ ਗਿਆ । ਇਸ ਤੋਂ ਇਲਾਵਾ ਉਹਨਾਂ ਨੇ ਫ਼ਸਲ ਮਿਊਜ਼ੀਅਮ, ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਦਾ ਖੋਜ ਹਾਲ ਅਤੇ ਸਬਜ਼ੀਆਂ ਦੇ ਪ੍ਰਦਰਸ਼ਨੀ ਖੇਤਰ ਦਾ ਦੌਰਾ ਕੀਤਾ ।