ਚੰਡੀਗੜ੍ਹ : ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਪਾਰਟੀ ਵਿਚੋਂ ਦੋ ਸਾਲ ਲਈ ਸਸਪੈਂਡ ਕਰਨ ਦੀ ਸਿਫਾਰਿਸ਼ ਕੀਤੀ ਹੈ। ਹਾਲਾਂਕਿ ਜਾਖੜ ’ਤੇ ਆਖਰੀ ਫ਼ੈਸਲਾ ਕਾਂਗਰਸ ਹਾਈਕਮਾਨ ਨੇ ਲੈਣਾ ਹੈ।
ਅਨੁਸ਼ਾਸਨੀ ਕਮੇਟੀ ਨੇ ਹਾਈਕਮਾਨ ਨੂੰ ਸਿਫਾਰਿਸ਼ ਕੀਤੀ ਹੈ ਕਿ ਜਿਸ ਤਰ੍ਹਾਂ ਜਾਖੜ ਨੇ ਪਾਰਟੀ ਦੇ ਖ਼ਿਲਾਫ਼ ਜਾ ਕੇ ਨਾ ਸਿਰਫ ਬਿਆਨਬਾਜ਼ੀ ਕੀਤੀ ਸਗੋਂ ਅਨੁਸ਼ਾਸਨ ਨੂੰ ਵੀ ਭੰਗ ਕੀਤਾ ਹੈ, ਲਿਹਾਜ਼ਾ ਉਨ੍ਹਾਂ ਨੂੰ ਦੋ ਸਾਲ ਲਈ ਪਾਰਟੀ ’ਚੋਂ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਹੀ ਇਹ ਅਨੁਸ਼ਾਸਨੀ ਕਮੇਟੀ ਬਣਾਈ ਗਈ ਸੀ, ਜਿਸ ਤੋਂ ਬਾਅਦ ਕਮੇਟੀ ਵਲੋਂ ਜਾਖੜ ਤੋਂ ਜਵਾਬ ਮੰਗਿਆ ਗਿਆ ਸੀ ਪਰ ਜਾਖੜ ਨੇ ਇਸ ’ਤੇ ਕੋਈ ਜਵਾਬ ਨਹੀਂ ਦਿੱਤਾ ਸੀ। ਹੁਣ ਜਦੋਂ ਕਮੇਟੀ ਨੇ ਪਾਰਟੀ ਹਾਈਕਮਾਨ ਨੂੰ ਜਾਖੜ ’ਤੇ ਕਾਰਵਾਈ ਕਰਨ ਦੀ ਸਿਫਾਰਿਸ਼ ਕਰ ਦਿੱਤੀ ਹੈ ਤਾਂ ਇਸ ’ਤੇ ਆਖਰੀ ਫ਼ੈਸਲਾ ਸੋਨੀਆ ਗਾਂਧੀ ਵਲੋਂ ਹੀ ਲਿਆ ਜਾਣਾ ਹੈ।