ਲੁਧਿਆਣਾ : ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਦੇ ਮੁੱਖ ਵਧੀਕ ਸਕੱਤਰ ਸ਼੍ਰੀ ਸਰਵਜੀਤ ਸਿੰਘ ਆਈ ਏ ਐੱਸ ਅੱਜ ਯੂਨੀਵਰਸਿਟੀ ਦੇ ਆਪਣੇ ਦੌਰੇ ਦੌਰਾਨ ਅਧਿਕਾਰੀਆਂ ਨੂੰ ਮਿਲੇ । ਇਸ ਦੌਰਾਨ ਉਹਨਾਂ ਨੇ ਚਲੰਤ ਖੇਤੀ ਚੁਣੌਤੀਆਂ ਸੰਬੰਧੀ ਵਿਸਥਾਰ ਨਾਲ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ ਅਤੇ ਵਿਭਾਗਾਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ । ਸ਼੍ਰੀ ਸਿੰਘ ਨੇ ਇਸ ਦੌਰਾਨ ਕੁਦਰਤੀ ਸਰੋਤਾਂ ਬਾਰੇ ਫਿਕਰਮੰਦੀ ਜ਼ਾਹਿਰ ਕਰਦਿਆਂ ਕਿਸਾਨੀ ਪਰਿਵਾਰਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਨੌਜਵਾਨਾਂ ਨੂੰ ਖੇਤੀ ਦੇ ਕਿੱਤੇ ਨਾਲ ਜੋੜਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ।
ਉਹਨਾਂ ਨੇ ਮਲੇਰਕੋਟਲਾ ਦੇ ਸਬਜ਼ੀ ਕਾਸ਼ਤ ਮਾਡਲ ਬਾਰੇ ਵਿਸ਼ੇਸ਼ ਤੌਰ ਤੇ ਗੱਲ ਕਰਦਿਆਂ ਖੇਤੀ ਵਿਭਿੰਨਤਾ ਦੀਆਂ ਸੰਭਾਵਨਾਵਾਂ ਬਾਰੇ ਵਿਚਾਰਾਂ ਕੀਤੀਆਂ । ਕਣਕ-ਝੋਨਾ ਫ਼ਸਲੀ ਚੱਕਰ ਦੀ ਥਾਂ ਹੋਰ ਖੇਤੀ ਬਦਲਾਂ ਦੇ ਨਾਲ-ਨਾਲ ਨਵੇਂ ਖੋਜ ਅਤੇ ਪਸਾਰ ਦੇ ਦਿ੍ਰਸ਼ ਬਾਰੇ ਵੀ ਸ਼੍ਰੀ ਸਰਵਜੀਤ ਸਿੰਘ ਨੇ ਵਿਸਥਾਰ ਨਾਲ ਗੱਲ ਕੀਤੀ । ਉਹਨਾਂ ਨੇ ਪੀ.ਏ.ਯੂ. ਦੀਆਂ ਪ੍ਰਕਾਸ਼ਨਾਵਾਂ ਨੂੰ ਸਧਾਰਨ ਕਿਸਾਨਾਂ ਤੱਕ ਪਹੁੰਚਾਉਣ ਲਈ ਯਤਨਾਂ ਵੱਲ ਹੋਰ ਧਿਆਨ ਦੇਣ ਦੀ ਗੱਲ ਕੀਤੀ ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਰਜਿਸਟਰਾਰ ਸ਼੍ਰੀ ਸ਼ੰਮੀ ਕਪੂਰ ਨੇ ਸ਼੍ਰੀ ਸਰਵਜੀਤ ਸਿੰਘ ਅਤੇ ਉਹਨਾਂ ਨਾਲ ਸਕੱਤਰ ਖੇਤੀਬਾੜੀ ਸ਼੍ਰੀ ਦਿਲਰਾਜ ਸਿੰਘ ਆਈ ਏ ਐੱਸ, ਪੰਜਾਬ ਰਾਜ ਫਾਰਮਰਜ਼ ਦੇ ਚੇਅਰਮੈਨ ਸ਼੍ਰੀ ਅਵਤਾਰ ਸਿੰਘ ਢੀਂਡਸਾ, ਨਿਰਦੇਸ਼ਕ ਖੇਤੀਬਾੜੀ ਵਿਭਾਗ ਡਾ. ਗੁਰਵਿੰਦਰ ਸਿੰਘ ਅਤੇ ਪੰਜਾਬ ਐਗਰੋ ਦੇ ਪ੍ਰਬੰਧਕੀ ਨਿਰਦੇਸ਼ਕ ਸ਼੍ਰੀ ਮਨਜੀਤ ਸਿੰਘ ਬਰਾੜ ਦਾ ਸਵਾਗਤ ਕੀਤਾ । ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਵਿੱਚ ਜਾਰੀ ਖੋਜ ਅਤੇ ਪਸਾਰ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ । 
ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੇ ਇਸ ਮੌਕੇ ਸੰਖੇਪ ਵਿੱਚ ਆਪਣੇ ਵਿਭਾਗਾਂ ਦੇ ਚਾਲੂ ਕਾਰਜਾਂ ਤੋਂ ਜਾਣੂੰ ਕਰਵਾਇਆ । ਇਕਨੋਮਿਕਸ ਅਤੇ ਸ਼ੋਸ਼ਆਲੋਜੀ ਵਿਭਾਗ ਦੇ ਮੁਖੀ ਡਾ. ਕਮਲ ਵੱਤਾ ਨੇ ਫ਼ਸਲ ਉਤਪਾਦਨ ਅਤੇ ਨਿਸ਼ ਖੇਤਰਾਂ ਦੇ ਅੰਕੜਿਆਂ ਦੀ ਇਕੱਤਰਤਾ ਦੀਆਂ ਦਿੱਕਤਾਂ ਬਾਰੇ ਗੱਲ ਕੀਤੀ । ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਮੱਖਣ ਸਿੰਘ ਭੁੱਲਰ ਨੇ ਤਰ-ਵਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਰਾਹੀਂ ਕਿਸਾਨਾਂ ਦੀ ਮਨੋਦਸ਼ਾ ਦੀ ਤਬਦੀਲੀ ਬਾਰੇ ਵਿਚਾਰ ਪੇਸ਼ ਕੀਤੇ । ਖੇਤੀ ਜੰਗਲਾਤ ਦੇ ਵਿਗਿਆਨੀ ਡਾ. ਰਿਸ਼ੀਇੰਦਰ ਸਿੰਘ ਗਿੱਲ ਨੇ ਖੇਤੀ ਉੱਪਰ ਪੌਣ ਪਾਣੀ ਦੀ ਤਬਦੀਲੀ ਦੇ ਅਸਰ ਘਟਾਉਣ ਵਿੱਚ ਖੇਤੀ ਜੰਗਲਾਤ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ।
ਅੰਤ ਵਿੱਚ ਨਿਰੇਦਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਧੰਨਵਾਦ ਦੇ ਸ਼ਬਦ ਕਹੇ । ਇਸ ਮੌਕੇ ਟੀਮ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਦੌਰਾ ਕੀਤਾ । ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸੈਂਟਰ ਦੀਆਂ ਗਤੀਵਿਧੀਆਂ ਅਤੇ ਜਾਰੀ ਸਿਖਲਾਈ ਪ੍ਰੋਗਰਾਮਾਂ ਦੀ ਜਾਣਕਾਰੀ ਵਿਸਥਾਰ ਨਾਲ ਦਿੱਤੀ । ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਵੀ ਉਹਨਾਂ ਦੇ ਨਾਲ ਸਨ । ਸਮੁੱਚੀ ਟੀਮ ਨੇ ਭੋਜਨ ਇੰਨਕੁਬੇਸ਼ਨ ਸੈਂਟਰ ਦਾ ਦੌਰਾ ਵੀ ਕੀਤਾ ਜਿੱਥੇ ਡਾ. ਪੂਨਮ ਸਚਦੇਵ ਨੇ ਇਸ ਸੈਂਟਰ ਦੁਆਰਾ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਦਿੱਤਾ ।