ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ‘ਹਰਿਆਵਲ ਪੰਜਾਬ’ ਦੇ ਅੰਤਰਗਤ “ਹਰ ਮਨੁੱਖ ਲਾਵੇ ਇੱਕ ਰੁੱਖ” ਦੀ ਲਹਿਰ ਨਾਲ਼ ‘ਧਰਤੀ ਦਿਵਸ’ ਨੂੰ ਬੜੇ ਹੀ ਸੁਚਾਰੂ ਰੂਪ ਨਾਲ਼ ਮਨਾਇਆ ਗਿਆ ਹੈ। ਇਸ ਦੌਰਾਨ ਹਰਿਆਵਲ ਪੰਜਾਬ ਦੇ ਕਨਵੀਨਰ ਸ਼੍ਰੀ ਰਾਮ ਗੋਪਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਬੱਚਿਆਂ ਨੇ ਪੌਦੇ ਲਗਾ ਕੇ ਵਿਸ਼ਵ ਹਰਿਆਲੀ ਦਾ ਸੰਦੇਸ਼ ਦਿੱਤਾ।
ਬੱਚਿਆ ਨੇ ਸੁੰਦਰ ਪੋਸਟਰ ਬਣਾ ਕੇ ਸਾਰੀ ਮਨੁੱਖਤਾ ਨੂੰ ‘ਧਰਤੀ ਬਚਾਓ ਰੁੱਖ ਲਗਾਓ’ ਦਾ ਸ਼ੁਭ ਸੰਦੇਸ਼ ਦਿੱਤਾ। ਇਸ ਦੇ ਨਾਲ਼ ਹੀ ਕਿੰਡਰਗਾਰਟਨ ਦੇ ਬੱਚਿਆਂ ਨੇ ‘ਬੀਜ ਬੀਜੋ’, ਪੌਦਿਆਂ ਨੂੰ ਪਾਣੀ ਦੇਣਾ ਵਰਗੀਆਂ ਗਤੀਵਿਧੀਆਂ ਵਿੱਚ ਭਾਗ ਲਿਆ।
ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਨੂੰ ‘ਧਰਤੀ ਮਾਂ’ ਨੂੰ ਸੁੰਦਰ, ਸਵੱਛ ਅਤੇ ਹਰੀ-ਭਰੀ ਰੱਖਣ ਲਈ ਪ੍ਰੇਰਿਆ। ਉਹਨਾਂ ਨਾਲ਼ ਹੀ ਬੱਚਿਆਂ ਨੂੰ ਇਹ ਵੀ ਦੱਸਿਆ ਕਿ ਹਰਿਆਲੀ ਖ਼ੁਸ਼ਹਾਲੀ ਦਾ ਪ੍ਰਤੀਕ ਹੈ ਸੋ ਸਾਡਾ ਸਾਰਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਸਭ ਮਿਲ ਕੇ ਆਪਣੀ ਧਰਤੀ ਮਾਂ ਨੂੰ ਸੁੰਦਰ ਤੇ ਖ਼ੁਸ਼ਹਾਲ ਬਣਾਈਏ।