ਲੁਧਿਆਣਾ : ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਸਿਹਤ ਵਿਭਾਗ, ਨਗਰ ਨਿਗਮ, ਜਨ ਸਿਹਤ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਗਰਮੀ ਦੇ ਮੌਸਮ ਵਿਚ ਫੈਲਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਲੋੜੀਦੇ ਕਦਮ ਚੁੱਕਣ। ਸ੍ਰੀਮਤੀ ਸੁਰਭੀ ਮਲਿਕ ਮਿੰਨੀ ਸਕੱਤਰੇਤ ਵਿਖੇ ਆਪਣੇ ਦਫ਼ਤਰ ਵਿੱਚ ਨੈਸ਼ਨਲ ਵੈਕਟਰ ਬੋਰਨ ਡੀਜ਼ੀਜ਼ ਕੰਟਰੋਲ ਪ੍ਰੋਗਰਾਮ ਅਤੇ ਵਾਟਰ ਬੋਰਨ ਡੀਜ਼ੀਜ਼ ਕੰਟਰੋਲ ਪ੍ਰੋਗਰਾਮ ਤਹਿਤ ਬੀਮਾਰੀਆਂ ਦੀ ਰੋਕਥਾਮ ਲਈ ਜ਼ਿਲ੍ਹਾ ਪੱਧਰ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਨੈਸ਼ਨਲ ਵੈਕਟਰ ਬੋਰਨ ਬੀਮਾਰੀਆਂ ਜਿੰਨਾਂ ਵਿਚ ਮਲੇਰੀਆ, ਡੇਗੂ, ਚਿਕਨਗੁਨੀਆ, ਕਾਲਾ ਅਜ਼ਾਰ, ਫਲੇਰੀਆ, ਜਪਾਨੀ ਦਿਮਾਗੀ ਬੁਖਾਰ ਅਤੇ ਵਾਟਰ ਬੋਰਨ ਬੀਮਾਰੀਆਂ ਜਿਵੇ ਗੈਸਟਰੋ, ਹੈਜਾ, ਪੀਲੀਆ, ਟਾਈਫਾਈਡ ਦੀ ਰੋਕਥਾਮ ਲਈ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਹਨਾ ਅਧਿਕਾਰੀਆਂ ਨੂੰ ਇਹਨਾਂ ਬੀਮਾਰੀਆਂ ਦੀ ਰੋਕਥਾਮ ਅਤੇ ਬਚਾਅ ਲਈ ਸਾਵਧਾਨੀਆਂ ਵਰਤਣ ਬਾਰੇ ਲੋਕਾਂ ਨੂੰ ਵੱਡੇ ਪੱਧਰ ਤੇ ਜਾਗਰੂਕ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਲੁਧਿਆਣਾ ਇਕ ਉਦਯੋਗਿਕ ਸ਼ਹਿਰ ਹੈ ਅਤੇ ਇਥੇ ਬਿਮਾਰੀਆਂ ਦੇ ਫੈਲਣ ਦਾ ਖਤਰਾ ਆਮ ਸ਼ਹਿਰਾਂ ਨਾਲੋ ਜਿਆਦਾ ਰਹਿੰਦਾ ਹੈ।
ਉਹਨਾ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਦੇ ਆਸ-ਪਾਸ ਗੰਦਾ ਪਾਣੀ ਖੜਾ ਨਾ ਹੋਣ ਦੇਣ ਅਤੇ ਘਰਾਂ ਦੀਆ ਛੱਤਾਂ ਉਪਰ ਪਾਣੀ ਦੀਆਂ ਟੈਕੀਆਂ, ਘਰਾਂ ਵਿਚ ਪਏ ਕੂਲਰਾਂ ਦੀ ਸਫਾਈ ਅਤੇ ਛੱਤਾਂ ਉਪਰ ਪਏ ਪੁਰਾਣੇ ਬਰਤਨਾਂ ਵਿਚ ਪਾਣੀ ਨਾ ਖੜਾ ਹੋਣ ਦੇਣ। ਉਹਨਾ ਸਿਵਲ ਸਰਜਨ ਨੂੰ ਇਹ ਵੀ ਕਿਹਾ ਕਿ ਉਹ ਸਲੱਮ ਏਰੀਏ, ਗੰਦੇ ਨਾਲੇ ਅਤੇ ਜਿੰਨਾਂ ਥਾਵਾਂ ਤੇ ਪਾਣੀ ਖੜ੍ਹਾ ਰਹਿੰਦਾ ਹੈ, ਉਹਨਾਂ ਥਾਵਾਂ ਤੇ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾ ਕਰਵਾਉਣ।
ਡਿਪਟੀ ਕਮਿਸ਼ਨਰ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪਿੰਡਾਂ ਵਿਚ ਜੇ ਕਿਧਰੇ ਕੋਈ ਖੜ੍ਹਾ ਪਾਣੀ ਮਿਲਦਾ ਹੈ ਤਾਂ ਉਸ ਪਾਣੀ ਵਿਚ ਡੀਜਲ ਦਾ ਛਿੜਕਾਓ ਕੀਤਾ ਜਾਵੇ ਤਾ ਕਿ ਮੱਛਰ ਪੈਦਾ ਨਾ ਹੋ ਸਕੇ। ਉਹਨਾ ਜਿਲਾ ਸਿੱਖਿਆ ਅਫਸਰਾਂ ਨੂੰ ਕਿਹਾ ਕਿ ਉਹ ਸਕੂਲਾਂ ਵਿਚ ਸਵੇਰ ਦੀ ਪ੍ਰਾਰਥਨਾ ਸਮੇ ਬੱਚਿਆਂ ਨੂੰ ਇਹਨਾਂ ਬੀਮਾਰੀਆਂ ਦੀ ਰੋਕਥਾਮ ਅਤੇ ਬਚਾਅ ਲਈ ਜਰੂਰੀ ਸਾਵਧਾਨੀਆਂ ਵਰਤਣ ਬਾਰੇ ਜਾਗਰੂਕ ਕਰਨ ਅਤੇ ਬੱਚਿਆਂ ਨੂੰ ਇਸ ਸਬੰਧੀ ਪੈਫਲਿਟ ਵੰਡਣ ਨੂੰ ਯਕੀਨੀ ਬਣਾਉਣ।
ਉਹਨਾ ਜਿਲੇ ਦੇ ਸਾਰੇ ਸਰਕਾਰੀ ਦਫਤਰਾਂ ਦੇ ਮੁਖੀਆਂ ਨੂੰ ਕਿਹਾ ਕਿ ਉਹ ਆਪੋ ਆਪਣੇ ਦਫਤਰਾਂ ਵਿਚ ਸਫਾਈ ਨੂੰ ਯਕੀਨੀ ਬਣਾਉਣ ਅਤੇ ਕੂਲਰਾਂ ਦੀ ਸਫਾਈ ਕਰਵਾਈ ਜਾਵੇ ਅਤੇ ਹਫਤੇ ਵਿਚ ਇਕ ਵਾਰ ਜਰੂਰ ਪਾਣੀ ਬਦਲਿਆ ਜਾਵੇ ਤਾਂ ਜਂੋ ਮੱਛਰ ਦਾ ਲਾਰਵਾ ਪੈਦਾ ਨਾ ਹੋ ਸਕੇ। ਉਹਨਾ ਕਿਹਾ ਕਿ ਇਸ ਕੰਮ ਵਿਚ ਕੁਤਾਹੀ ਨਾ ਵਰਤੀ ਜਾਵੇ। ਕੂਲਰਾਂ ਦੇ ਪੁਰਾਣੇ ਪੈਡ ਬਦਲੇ ਜਾਣ। ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਘਰਾਂ, ਦਫ਼ਤਰਾਂ ਜਾਂ ਕਿਸੇ ਵੀ ਜਗ੍ਹਾ ਤੇ ਜਿੱਥੇ ਕੂਲਰ, ਡੱਬੇ, ਬਰਤਨ, ਛੱਤ ਆਦਿ ਦੀ ਸਫਾਈ ਕਰਕੇ ਸ਼ੁੱਕਰਵਾਰ ਨੂੰ ਡਰਾਈ ਡੇਅ ਵੱਜੋਂ ਮਨਾਉਣ।