ਲੁਧਿਆਣਾ : ਵਿਧਾਨ ਸਭਾ ਲੁਧਿਆਣਾ ਉੱਤਰੀ ਦੇ ਵਾਰਡ-84 ਦੇ ਮੁਹੱਲਾ ਪੀਰੂ ਬੰਦਾ ਤੋਂ ਹੈਬੋਵਾਲ ਤੱਕ ਬੁੱਢੇ ਨਾਲੇ ਦੇ ਕਿਨਾਰੇ ਸੜਕ ਬਣਾਉਣ ਦਾ ਉਦਘਾਟਨ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕੌਂਸਲਰ ਲਾਲਾ ਅਟਵਾਲ ਦੀ ਹਾਜ਼ਰੀ ਵਿਚ ਕੀਤਾ। ਬੱਗਾ ਨੇ ਕਰੀਬ 21 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਵੇਰਵਾ ਦਿੰਦਿਆਂ ਕਿਹਾ ਕਿ ਆਪ ਸਰਕਾਰ ਦਾ ਮਕਸਦ ਪਿਛਲੇ 30 ਸਾਲਾਂ ਤੋਂ ਪੱਛੜੇ ਵਿਧਾਨ ਸਭਾ ਹਲਕੇ ਦੇ ਵਿਕਾਸ ਦੀ ਖੜੋਤ ਨੂੰ ਖਤਮ ਕਰਨਾ ਹੈ।
ਚੋਣ ਵਾਅਦੇ ਨੂੰ ਪੂਰਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1 ਜੁਲਾਈ ਤੋਂ 300 ਯੂਨਿਟ ਘਰਾਂ ਨੂੰ ਮੁਫ਼ਤ ਬਿਜਲੀ ਦੇਣ ਦੇ ਐਲਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ, ਜਿਸ ਨੇ ਸਰਕਾਰ ਬਣਨ ਦੇ 30 ਦਿਨਾਂ ਦੇ ਅੰਦਰ-ਅੰਦਰ ਆਪਣੇ ਚੋਣ ਵਾਅਦੇ ਪੂਰੇ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ, ਚੋਣਾਂ ਤੋਂ ਪਹਿਲਾਂ ਸੂਬੇ ਦੇ ਲੋਕਾਂ ਨੂੰ ਦਿੱਤੀ ਪਹਿਲੀ ਗਾਰੰਟੀ ਨੂੰ ਪੂਰਾ ਕਰਨ ਵਾਲੀ ਦੇਸ਼ ਦੀ ਪਹਿਲੀ ਸਰਕਾਰ ਹੈ ।