ਲੁਧਿਆਣਾ : ਹਲਕਾ ਗਿੱਲ ਵਿਧਾਇਕ ਸ. ਜੀਵਨ ਸਿੰਘ ਸੰਗੋਵਾਲ ਵੱਲੋਂ ਅੱਜ ਪਿੰਡ ਲਾਦੀਆਂ ਕਲਾਂ ਵਿਖੇ ਤਕਰੀਬਨ 12 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਇੰਟਰਲਾਕ ਗਲੀਆਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੰਯੁਕਤ ਸਕੱਤਰ ਪੰਜਾਬ ਸ. ਗੁਰਜੀਤ ਸਿੰਘ ਗਿੱਲ, ਬੀ.ਡੀ.ਓ ਸ.ਮਲਕੀਤ ਸਿੰਘ ਭੱਟੀ, ਸਕੱਤਰ ਸ. ਜਗਰੂਪ ਸਿੰਘ, ਸਰਪੰਚ ਪਰਮਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ।
ਪਿੰਡ ਦੇ ਸਰਪੰਚ ਸ. ਪਰਮਜੀਤ ਸਿੰਘ ਅਤੇ ਪਿੰਡ ਦੇ ਵਸਨੀਕਾਂ ਵੱਲੋਂ ਪਿੰਡ ਪਹੁੰਚਣ ‘ਤੇ ਆਪਣੇ ਹਰਮਨ ਪਿਆਰੇ ਵਿਧਾਇਕ ਸ. ਜੀਵਨ ਸਿੰਘ ਸੰਗੋਵਾਲ ਦਾ ਤਹਿਦਿਲੋਂ ਸਵਾਗਤ ਅਤੇ ਧੰਨਵਾਦ ਕੀਤਾ ਗਿਆ। ਸਰਪੰਚ ਸ. ਪਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਲਿਆਂ ਦੀ ਕਾਫੀ ਲੰਮੇ ਸਮੇਂ ਤੋਂ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਵਾਉਣ ਦੀ ਮੰਗ ਸੀ ਜਿਹੜੀ ਕਿ ਵਿਧਾਇਕ ਸੰਗੋਵਾਲ ਵੱਲੋਂ ਪੂਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਧਾਇਕ ਸੰਗੋਵਾਲ ਵੱਲੋਂ ਸਾਰੇ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ।
ਵਿਧਾਇਕ ਸੰਗੋਵਾਲ ਨੇ ਕਿਹਾ ਕਿ ਹਲਕੇ ਦੇ ਵਸਨੀਕਾਂ ਵੱਲੋਂ ਉਨ੍ਹਾਂ ‘ਤੇ ਵਿਸ਼ਵਾਸ਼ ਜਤਾਉਂਦਿਆਂ ਇਸ ਚੋਣਾਂ ਵਿੱਚ ਇੱਕ ਵੱਡੇ ਫਰਕ ਨਾਲ ਸੀਟ ਉਨ੍ਹਾਂ ਦੀ ਝੋਲੀ ਪਾਈ ਹੈ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਸਨੀਕਾਂ ਦੀਆਂ ਉਮੀਦਾਂ ‘ਤੇ ਪੂਰਾ ਉਤਰਨ ਲਈ ਦਿਨ-ਰਾਤ ਅਣਥੱਕ ਮਿਹਨਤ ਕਰ ਰਹੇ ਹਨ।
ਸ. ਸੰਗੋਵਾਲ ਨੇ ਅੱਗੇ ਕਿਹਾ ਪਿਛਲੇ ਲੰਮੇ ਸਮੇਂ ਤੋਂ ਪਿੰਡਾਂ ਵਿੱਚ ਗਲੀਆਂ ਦੇ ਕੰਮ ਅਧੂਰੇ ਪਏ ਸਨ ਜਿਨ੍ਹਾਂ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕਾ ਗਿੱਲ ਦੇ ਹਰ ਪਿੰਡ ਦੀ ਤਸਵੀਰ ਬਦਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਸਾਰੀਆਂ ਛੋਟੀਆਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਉਹ ਯਤਨਸ਼ੀਲ ਹਨ ਅਤੇ ਪਿੰਡ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ।