ਲੁਧਿਆਣਾ : ਸ਼ਹਿਰ ਦੇ ਹੰਬੜਾ ਰੋਡ ’ਤੇ ਸਥਿਤ ਸ੍ਰੀ ਗੋਬਿੰਦ ਗਊ ਧਾਮ ਨੇੜੇ 11 ਕਰੋੜ ਦੀ ਲਾਗਤ ਨਾਲ ਸ੍ਰੀ ਅਗਰਸੇਨ ਧਾਮ ਦਾ ਨਿਰਮਾਣ ਕੀਤਾ ਜਾਵੇਗਾ। ਅਗਰਵਾਲ ਪਰਿਵਾਰ ਮਿਲਨ ਸੰਘ ਵੱਲੋਂ ਮਹਾਰਾਜ ਅਗਰਸੇਨ ਜੀ ਦੇ ਜੈਕਾਰਿਆਂ ਨਾਲ ਨੀਂਹ ਪੱਥਰ ਰੱਖਿਆ ਗਿਆ। ਮਹਾਰਾਜਾ ਅਗਰਸੇਨ ਵੱਲੋਂ ਸ਼ੁਰੂ ਕੀਤੀ ਇਕ ਇੱਟ ਇੱਕ ਰੁਪਏ ਦੀ ਪ੍ਰਥਾ ਨੂੰ ਅੱਗੇ ਵਧਾਉਂਦਿਆਂ ਇਕ ਚਾਂਦੀ ਦਾ ਸਿੱਕਾ ਵੀ ਜਾਰੀ ਕੀਤਾ ਗਿਆ।
ਇਸ ਮੌਕੇ ਆਮ ਆਦਮੀ ਪਾਰਟੀ ਦੀ ਨੌਜਵਾਨ ਆਗੂ ਨਿਧੀ ਗੁਪਤਾ ਨੇ ਵੀ ਮਹਾਰਾਜ ਅਗਰਸੇਨ ਮੰਦਿਰ ਦੇ ਨਿਰਮਾਣ ਲਈ ਕਮੇਟੀ ਨੂੰ ਵਧਾਈੀ ਦਿੱਤੀ ਅਤੇ ਇਸ ਨੇਕ ਕੰਮ ਵਿਚ ਸਹਿਯੋਗ ਦੇਣ ਲਈ ਕਿਹਾ। ਸਾਬਕਾ ਕੌਂਸਲਰ ਬਾਊ ਹੇਮ ਰਾਜ ਅਗਰਵਾਲ ਅਤੇ ਵਾਰਡ ਨੰਬਰ 81 ਦੇ ਕੌਂਸਲਰ ਰਾਸ਼ੀ ਅਗਰਵਾਲ ਵੱਲੋਂ ਸ੍ਰੀ ਅਗਰਸੇਨ ਧਾਮ ਦੇ ਨਿਰਮਾਣ ਲਈ ਇੱਟਾਂ ਦੀ ਸੇਵਾ ਲੈਂਦਿਆਂ ਕਿਹਾ ਕਿ ਅੱਜ ਦਾ ਦਿਨ ਅਗਰਵਾਲ ਸਮਾਜ ਲਈ ਮਾਣ ਦਾ ਦਿਨ ਹੈ।
ਦੂਜੇ ਪਾਸੇ ਸਾਬਕਾ ਕੌਂਸਲਰ ਇੰਦਰ ਅਗਰਵਾਲ ਨੇ ਵੀ ਨੀਂਹ ਪੱਥਰ ਸਮਾਗਮ ’ਚ ਆਪਣੇ ਹੱਥਾਂ ਨਾਲ ਇੱਟਾਂ ਲਾਉਂਦਿਆਂ ਕਿਹਾ ਕਿ ਇਸ ਧਾਮ ਦੀ ਉਸਾਰੀ ਨਾਲ ਸਮੁੱਚਾ ਅਗਰਵਾਲ ਸਮਾਜ ਇਕ ਮੰਚ ’ਤੇ ਇਕੱਠਾ ਹੋਵੇਗਾ, ਜਿਸ ਲਈ ਉਨ੍ਹਾਂ ਅਗਰਵਾਲ ਪਰਿਵਾਰ ਮਿਲਨ ਸੰਘ ਨੂੰ ਵਧਾਈ ਵੀ ਦਿੱਤੀ। ਅਗਰਵਾਲ ਸਮਾਜ ਦੇ ਭਜਨ ਗਾਇਕ ਹੇਮੰਤ ਅਗਰਵਾਲ ਨੇ ਮਹਾਰਾਜ ਅਗਰਸੇਨ, ਮਾਤਾ ਭਨਭੋਰੀ ਦਾ ਗੁਣਗਾਨ ਕੀਤਾ।
ਇਸ ਮੌਕੇ ਪੰਜਾਬ ਭਰ ਤੋਂ 70 ਫ਼ੀਸਦੀ ਅਗਰਵਾਲ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਹੱਥਾਂ ਨਾਲ ਇੱਟ ਰੱਖ ਕੇ ਕੁਲ ਦੇਵੀ ਮਹਾਲਕਸ਼ਮੀ ਜੀ ਦਾ ਆਸ਼ੀਰਵਾਦ ਲਿਆ। ਨੀਂਹ ਪੱਥਰ ਦੀ ਮੁੱਖ ਸੇਵਾ ਸ੍ਰੀ ਰਾਜਨੰਦ ਗੁਪਤਾ ਅਤੇ ਪੁਸ਼ਪਿੰਦਰ ਅਗਰਵਾਲ ਪਰਿਵਾਰ ਵੱਲੋਂ ਕੀਤੀ ਗਈ। ਅਗਰਵਾਲ ਪਰਿਵਾਰ ਮਿਲਨ ਸੰਘ ਦੇ ਪ੍ਰਧਾਨ ਸੁਨੀਲ ਜੈਨ ਮਿੱਤਲ, ਖ਼ਜ਼ਾਨਚੀ ਸਤੀਸ਼ ਸਿੰਗਲਾ ਅਤੇ ਪ੍ਰੈੱਸ ਸਕੱਤਰ ਪਰਵੀਨ ਬਾਂਸਲ ਨੇ ਇਸ ਸਮਾਗਮ ’ਚ ਆਏ ਸਾਰੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।