ਲੁਧਿਆਣਾ : ਸਿਵਲ ਹਸਪਤਾਲ ‘ਚ ਪਿਛਲੇ ਦੋ ਦਿਨਾਂ ਤੋਂ ਅਲਟਰਾ ਸਾਉਂਡ ਮਸ਼ੀਨ ਖਰਾਬ ਹੋ ਜਾਣ ਪਿੱਛੋਂ ਮਰੀਜ਼ਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਨੂੰ ਅੱਜ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਅਲਟਰਾ ਸਾਉਂਡ ਮਸ਼ੀਨ ਚਾਲੂ ਹੋ ਗਈ।
ਰੇਡੀਓਲੌਜਿਸਟ ਡਾ. ਸੰਦੀਪ ਸੋਹੀ ਨੇ ਦੱਸਿਆ ਕਿ ਹਸਪਤਾਲ ‘ਚ ਦੋ ਅਲਟਰਾ ਸਾਉਂਡ ਮਸ਼ੀਨਾਂ ਸਨ, ਜਿਨ੍ਹਾਂ ‘ਚੋਂ ਇੱਕ ਨੂੰ ਸਿਹਤ ਵਿਭਾਗ ਵਲੋਂ ਮਨਜ਼ੂਰੀ ਦਿੱਤੀ ਗਈ ਸੀ, ਜੋ ਚੱਲ ਰਹੀ ਸੀ ਪਰ ਇਹ ਮਸ਼ੀਨ ਪਿਛਲੇ ਦੋ ਦਿਨਾਂ ਤੋਂ ਅਚਾਨਕ ਖਰਾਬ ਹੋ ਗਈ ਸੀ ਜਿਸ ਕਰਕੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਡਾ. ਸੋਹੀ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਦੂਜੀ ਮਸ਼ੀਨ ਜੋ ਹਸਪਤਾਲ ਵਿਚ ਮੌਜੂਦ ਸੀ, ਨੂੰ ਮਨਜ਼ੂਰੀ ਦੇ ਦਿੱਤੀ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਨਵੀਂ ਮਸ਼ੀਨ ਅਸਲ ਵਿਚ ਈਕੋ ਲਈ ਹੈ, ਪਰ ਇਸ ਵਿਚ ਕੁਝ ਤਬਦੀਲੀ ਕੀਤੀ ਗਈ ਹੈ, ਜਿਸ ਪਿੱਛੋਂ ਇਹ ਮਸ਼ੀਨ ਹੁਣ ਅਲਟਰਾ ਸਾਉਂਡ ਮਸ਼ੀਨ ਦੀ ਤਰ੍ਹਾਂ ਸਕੈਨ ਕਰ ਰਹੀ ਹੈ। ਇਸ ਸੰਬੰਧੀ ਜਦੋਂ ਐੱਸ. ਐਮ.ਓ. ਡਾ. ਅਮਰਜੀਤ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਅਲਟਰਾ ਸਾਉਂਡ ਮਸ਼ੀਨ ਵਿਚ ਤਕਨੀਕੀ ਖਰਾਬੀ ਆਉਣ ਕਾਰਨ ਮਰੀਜ਼ਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ, ਪਰ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਵਲੋਂ ਇਸ ਸਮੱਸਿਆ ਦੇ ਹੱਲ ਲਈ ਉਪਰਾਲਾ ਕੀਤਾ ਗਿਆ।