ਜਗਰਾਉਂ : ਜਗਰਾਉਂ ਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਣੂੰਕੇ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਜਗਰਾਉਂ ਹਲਕੇ ਦੀਆਂ ਮੰਡੀਆਂ ਵਿੱਚ ਕਣਕ ਦੀ ਚੁਕਾਈ, ਮੱਕੀ, ਰੇਤ ਦੀ ਨਿਕਾਸੀ, ਸੜਕਾਂ ਦੀ ਹਾਲਤ, ਸੀਵਰੇਜ ਅਤੇ ਸ਼ਹਿਰ ਦੀਆਂ ਨਾਲੀਆਂ ਦੀ ਨਿਕਾਸੀ ਬਾਰੇ ਜਾਣੂ ਕਰਵਾਇਆ ਗਿਆ ਹੈ।
ਵਿਧਾਇਕ ਮਾਣੂੰਕੇ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜਗਰਾਉਂ ਦੇ ਪਿੰਡ ਰਸੂਲਪੁਰ ਦੀ ਲੜਕੀ ਕੁਲਵੰਤ ਕੌਰ ਜੋ ਕਿ ਪਿਛਲੇ ਦਿਨੀਂ ਪੁਲਿਸ ਦੇ ਜ਼ੁਲਮ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੀ ਹੋਈ ਮਰ ਗਈ ਹੈ। ਹੁਣ ਉਸ ਦਾ ਪਰਿਵਾਰ ਅਤੇ ਬਜ਼ੁਰਗ ਮਾਤਾ ਸੁਰਿੰਦਰ ਕੌਰ ਵੱਖ-ਵੱਖ ਸਮਾਜਿਕ ਜਥੇਬੰਦੀਆਂ ਰਾਹੀਂ ਇਨਸਾਫ਼ ਦੀ ਮੰਗ ਕਰ ਰਹੇ ਹਨ। ਬਜ਼ੁਰਗ ਮਾਤਾ ਨੇ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਇੱਕ ਖੂਨੀ ਪੱਤਰ ਸੌਂਪਿਆ ਸੀ।
ਵਿਧਾਇਕ ਮਾਣੂੰਕੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਸੌਂਪਿਆ ਅਤੇ ਦੁਖੀ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਮੁੱਦਾ ਵੀ ਉਠਾਇਆ। ਵਿਧਾਇਕ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ 40 ਹਜ਼ਾਰ ਦੇ ਕਰੀਬ ਦੀ ਵੱਡੀ ਲੀਡ ਨਾਲ ਦੂਸਰੀ ਵਾਰ ਵਿਧਾਨ ਸਭਾ ‘ਚ ਭੇਜਿਆ ਹੈ ਅਤੇ ਉਹ ਧੀ ਬਣ ਕੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨਗੇ ਅਤੇ ਹਰੇਕ ਦੇ ਦੁੱਖ-ਸੁੱਖ ‘ਚ ਸ਼ਰੀਕ ਹੋਣਗੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ।