ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਖਰੀਦੀ ਜਾ ਰਹੀ ਕਣਕ ਵਿੱਚ ਸੁੰਗੜੇ ਹੋਏ ਦਾਣਿਆਂ ਦੀਆਂ ਵਿਸ਼ੇਸ਼ਤਾਵਾਂ ਦੀ ਮੁੜ ਸਮੀਖਿਆ ਕਰਨ ਦੀ ਬੇਨਤੀ ‘ਤੇ ਕਾਰਵਾਈ ਕਰਦਿਆਂ, ਖੁਰਾਕ ਅਤੇ ਜਨਤਕ ਵੰਡ ਵਿਭਾਗ, ਭਾਰਤ ਸਰਕਾਰ ਨੇ ਅੱਜ ਇਸ ਸਮੱਸਿਆ ਦੀ ਹੱਦ ਦਾ ਮੁਲਾਂਕਣ ਕਰਨ ਲਈ ਪੰਜ ਟੀਮਾਂ ਗਠਿਤ ਕਰਨ ਦਾ ਫੈਸਲਾ ਕੀਤਾ ਹੈ।
ਇਨ੍ਹਾਂ ਵੇਰਵਿਆਂ ਨੂੰ ਸਾਂਝਾ ਕਰਦੇ ਹੋਏ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਟੀਮਾਂ ਭਲਕੇ ਸੂਬੇ ਵਿੱਚ ਪੁੱਜਣਗੀਆਂ ਅਤੇ ਮੰਡੀਆਂ ਵਿੱਚ ਸੁੰਗੜੇ ਹੋਏ ਅਨਾਜ ਦੀ ਆਮਦ ਦੀ ਹੱਦ ਦਾ ਮੁਲਾਂਕਣ ਕਰਨ ਲਈ 15 ਜ਼ਿਲ੍ਹਿਆਂ ਦਾ ਦੌਰਾ ਕਰਨਗੀਆਂ। ਉਸਨੇ ਕਿਹਾ ਕਿ ਇਹ ਡਾਟਾ ਫਿਰ ਵਿਸ਼ੇਸ਼ਤਾਵਾਂ ਵਿੱਚ ਢੁਕਵੀਂ ਢਿੱਲ ਦੇਣ ਬਾਰੇ ਅੰਤਿਮ ਫੈਸਲਾ ਲੈਣ ਵਿੱਚ ਭਾਰਤ ਸਰਕਾਰ ਦੀ ਮਦਦ ਕਰੇਗਾ।
ਜ਼ਿਕਰਯੋਗ ਹੈ ਕਿ ਅੱਤ ਦੀ ਗਰਮੀ ਕਾਰਨ ਕਈ ਥਾਵਾਂ ‘ਤੇ ਕਣਕ ਦਾ ਦਾਣਾ ਸੁੰਗੜ ਗਿਆ ਹੈ ਅਤੇ ਕੁਝ ਮੰਡੀਆਂ ‘ਚ ਆ ਰਹੇ ਅਨਾਜ ‘ਚ 6 ਫੀਸਦੀ ਮਾਪਦੰਡ ਤੋਂ ਵੱਧ ਦਾਣਾ ਸੁੰਗੜਿਆ ਹੋਇਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਨ੍ਹਾਂ ਟੀਮਾਂ ਦੇ ਦੌਰੇ ਦੌਰਾਨ ਕੁਝ ਮੰਡੀਆਂ ਵਿੱਚ ਚੱਲ ਰਹੀ ਖਰੀਦ ਵਿੱਚ ਅਸਥਾਈ ਤੌਰ ‘ਤੇ ਵਿਘਨ ਪੈ ਸਕਦਾ ਹੈ ਅਤੇ ਉਨ੍ਹਾਂ ਨੇ ਕਿਸਾਨਾਂ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ।