ਲੁਧਿਆਣਾ : ਪੀ.ਏ.ਯੂ. ਵਿੱਚ ਜ਼ਲ੍ਹਿਆਂ ਵਾਲੇ ਬਾਗ ਦੀ 103ਵੀਂ ਵਰ੍ਹੇਗੰਢ ਨੂੰ ਸਮਰਪਿਤ ਇੱਕ ਵਿਸ਼ੇਸ਼ ਨਾਟਕ “ਮੈਂ ਜ਼ਲ੍ਹਿਆਂ ਵਾਲਾ ਬਾਗ ਬੋਲਦਾਂ” ਦਾ ਮੰਚਨ ਕੀਤਾ ਗਿਆ । ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਹੋਏ ਇਸ ਨਾਟਕ ਦੇ ਨਿਰਦੇਸ਼ਕ ਪੀ.ਏ.ਯੂ. ਦੇ ਸਹਾਇਕ ਨਿਰਦੇਸ਼ਕ ਟੀ ਵੀ ਰੇਡੀਓ ਡਾ. ਅਨਿਲ ਸ਼ਰਮਾ ਸਨ ।
ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਜੀ ਐੱਸ ਬੁੱਟਰ ਨੇ ਇਸ ਨਾਟਕ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਤਿਹਾਸ ਦੇ ਸੰਚਾਰ ਦਾ ਸੁਚੱਜਾ ਯਤਨ ਕਿਹਾ । ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਯੂਨੀਵਰਸਿਟੀ ਵੱਲੋਂ ਅਜਿਹੇ ਉਪਰਾਲੇ ਵਿੱਢੇ ਜਾਣਗੇ ਜਿਨ੍ਹਾਂ ਨਾਲ ਅਸੀਂ ਵਿਦਿਆਰਥੀਆਂ ਵਿੱਚ ਸਾਰਥਕ ਊਰਜਾ ਭਰ ਸਕੀਏ ।
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਮੌਕੇ ਕਿਹਾ ਕਿ ਇਹ ਨਾਟਕ ਸਾਡੇ ਅਮੀਰ ਵਿਰਸੇ ਨਾਲ ਨੌਜਵਾਨ ਵਿਦਿਆਰਥੀਆਂ ਨੂੰ ਜੋੜਨ ਦੀ ਉਸਾਰੂ ਕੋਸ਼ਿਸ਼ ਹੈ । ਉਹਨਾਂ ਆਸ ਪ੍ਰਗਟਾਈ ਕਿ ਨਵੀਆਂ ਪੀੜ੍ਹੀਆਂ ਆਜ਼ਾਦੀ ਅਤੇ ਉਸ ਲਈ ਕੀਤੀ ਜੱਦੋ ਜਹਿਦ ਦੇ ਮਹੱਤਵ ਨੂੰ ਸਮਝਣਗੀਆਂ ।
ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਕੁਝ ਗੱਲਾਂ ਕੀਤੀਆਂ । ਉਹਨਾਂ ਇਤਿਹਾਸ ਦੇ ਵਿਸ਼ੇਸ਼ ਕਾਂਡ ਨੂੰ ਬਹਾਦੁਰੀ ਦੇ ਪ੍ਰਤੀਕ ਵਜੋਂ ਪੇਸ਼ ਕਰਨ ਲਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ । ਪ੍ਰੋ. ਗਿੱਲ ਨੇ ਕਿਹਾ ਕਿ ਇਸ ਯੂਨੀਵਰਸਿਟੀ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਸ ਯੂਨੀਵਰਸਿਟੀ ਨੇ ਕੌਮਾਂਤਰੀ ਪੱਧਰ ਦੇ ਵਿਗਿਆਨੀ, ਖਿਡਾਰੀ ਅਤੇ ਸਾਹਿਤਕਾਰ-ਕਲਾਕਾਰ ਦਿੱਤੇ ਹਨ ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਸਾਨੂੰ ਇਤਿਹਾਸ ਦੀ ਤੰਦਾਂ ਦੇ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਨਾ ਚਾਹੀਦਾ ਹੈ । ਇਸ ਸੰਬੰਧ ਵਿੱਚ ਯੂਨੀਵਰਸਿਟੀ ਹਮੇਸ਼ਾਂ ਹੀ ਸਰਗਰਮ ਰਹੀ ਹੈ ਅਤੇ ਅਜਿਹੀਆਂ ਪੇਸ਼ਕਾਰੀਆਂ ਭਾਰਤ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿੱਚ ਕਰਨੀਆਂ ਚਾਹੀਦੀਆਂ ਹਨ ।
ਇਸ ਮੌਕੇ ਯੂਨੀਵਰਸਿਟੀ ਦੇ ਅਧਿਆਪਨ, ਗੈਰ ਅਧਿਆਪਨ ਅਮਲੇ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ । ਇਸ ਮੌਕੇ ਡਾ. ਅਨਿਲ ਸ਼ਰਮਾ ਵੱਲੋਂ ਨਾਟਕ ਦੀ ਸਕਿ੍ਰਪਟ ਤੇ ਅਧਾਰਿਤ ਇੱਕ ਕਿਤਾਬ ਵੀ ਰਿਲੀਜ਼ ਕੀਤੀ ਗਈ । ਇਸ ਨਾਟਕ ਵਿੱਚ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ 70 ਵਿਦਿਆਰਥੀਆਂ ਨੇ ਭਾਗ ਲਿਆ ।
ਜਨਰਲ ਡਾਇਰ ਦਾ ਰੋਲ ਅਭਿਸ਼ੇਕ ਵਿੱਜ, ਭਗਤ ਸਿੰਘ ਦਾ ਰੋਲ ਹਰਜੋਬਨ ਵਿਰਕ, ਸੁਖਦੇਵ ਦਾ ਰੋਲ ਕਰਨਵੀਰ ਗਿੱਲ, ਰਾਜਗੁਰੂ ਦਾ ਰੋਲ ਸੌਰਵ ਬਾਸੀ, ਚੰਦਰਸ਼ੇਖਰ ਆਜ਼ਾਦ ਦਾ ਰੋਲ ਵਿਸ਼ਾਲ, ਭਗਤ ਸਿੰਘ ਦੀ ਮਾਂ ਦਾ ਰੋਲ ਯਸ਼ਮਿਲਨ ਕੌਰ, ਉੱਧਮ ਸਿੰਘ ਦਾ ਰੋਲ ਲਕਸ਼ੇ, ਜ਼ਲ੍ਹਿਆਂਵਾਲੇ ਬਾਗ ਦਾ ਰੋਲ ਨਿਤਿਨ ਸਪਰਾ, ਛੋਟੇ ਉੱਧਮ ਸਿੰਘ ਦਾ ਰੋਲ ਰੇਣੂੰ ਆਦਿ ਨੇ ਨਿਭਾਇਆ ।