ਖੰਨਾ (ਲੁਧਿਆਣਾ ) : ਖਾਣ ਵਾਲੇ ਤੇਲਾਂ ਦੀਆਂ ਵਧ ਰਹੀਆਂ ਕੀਮਤਾਂ ਕਰਕੇ ਕਿਸਾਨਾਂ ਨੂੰ ਪਿਛਲੇ ਸਾਲ ਨਾਲੋਂ ਐਤਕੀਂ ਸਰ੍ਹੋਂ ਦਾ ਭਾਅ ਜ਼ਿਆਦਾ ਮਿਲ ਰਿਹਾ ਹੈ। ਇਸ ਵਾਰ ਕਣਕ ਦਾ ਝਾੜ ਘੱਟ ਨਿਕਲਣ ਕਰਕੇ ਪ੍ਰਤੀ ਏਕੜ ਕਣਕ 30000 ਰੁਪਏ ਦੀ ਨਿਕਲ ਰਹੀ ਹੈ ਜਦਕਿ ਸਰ੍ਹੋਂ 50 ਹਜ਼ਾਰ ਤੋਂ ਲੈ ਕੇ 60 ਹਜ਼ਾਰ ਤੱਕ ਨਿਕਲ ਰਹੀ ਹੈ।
ਦੱਸਣਯੋਗ ਹੈ ਕਿ ਪਿਛਲੇ ਸਾਲ ਸਰ੍ਹੋਂ ਦੀ ਵਾਢੀ ਦੀ ਸ਼ੁਰੂਆਤ ਮੌਕੇ 4000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਭਾਅ ਮਿਲ ਰਿਹਾ ਸੀ। ਬਾਅਦ ’ਚ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਰਕੇ ਜਦੋਂ ਕਿਸਾਨ ਸਰ੍ਹੋਂ ਦੀ ਫਸਲ ਨੂੰ ਵਪਾਰੀਆਂ ਕੋਲ ਵੇਚ ਚੁੱਕੇ ਸਨ ਤਾਂ ਸਰ੍ਹੋਂ ਦਾ ਭਾਅ 6000 ਰੁਪਏ ਤੋਂ ਲੈ ਕੇ 9000 ਰੁਪਏ ਤੱਕ ਹੋ ਗਿਆ ਜਿਸ ਕਰਕੇ ਪਿਛਲੇ ਸਾਲ ਕਿਸਾਨਾਂ ਨੂੰ ਸਰ੍ਹੋਂ ਦੀ ਫਸਲ ਬੀਜ ਕੇ ਜ਼ਿਆਦਾ ਮੁਨਾਫਾ ਨਹੀਂ ਹੋਇਆ ਸੀ।
ਇਸ ਵਾਰ ਵਧੀਆ ਮੁੱਲ ਵੱਟ ਰਹੇ ਹਨ। ਇਸੇ ਕਾਰਨ ਸਰ੍ਹੋਂ ਹੇਠ ਰਕਬਾ ਵੀ ਵਧਿਆ ਹੈ। ਪਿਛਲੀ ਵਾਰ ਪੰਜਾਬ ’ਚ ਸਰ੍ਹੋਂ ਦੀ ਫਸਲ 80 ਹਜ਼ਾਰ ਏਕਡ਼ ’ਚ ਬੀਜੀ ਗਈ ਸੀ ਪਰ ਐਤਕੀਂ 135000 ਏਕੜ ’ਚ ਸਰੋਂ ਦੀ ਬੀਜਾਂਦ ਕੀਤੀ ਗਈ ਹੈ। ਖਾਣ ਵਾਲੇ ਤੇਲਾਂ ਦੀਆਂ ਵਧੀਆਂ ਕੀਮਤਾਂ ਤੇ ਪਿਛਲੇ ਸੀਜ਼ਨ ’ਚ ਅਚਾਨਕ ਸਰ੍ਹੋਂ ਦੇ ਭਾਅ ’ਚ ਉਛਾਲ ਆ ਜਾਣ ਨਾਲ ਇਸ ਵਾਰ ਕਿਸਾਨਾਂ ਨੇ ਸਰ੍ਹੋਂ ਦੀ ਫਸਲ ਦੀ ਬਿਜਾਈ ਵੀ ਜ਼ਿਆਦਾ ਕੀਤੀ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ’ਚ ਸਰ੍ਹੋਂ ਦਾ ਭਾਅ 6000 ਰੁਪਏ ਤੋਂ 6400 ਰੁਪਏ ਤੱਕ ਮਿਲ ਰਿਹਾ ਹੈ।
ਮਾਰਕੀਟ ਕਮੇਟੀ ਖੰਨਾ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੇ ਸਾਲ ਦਾਣਾ ਮੰਡੀ ’ਚੋਂ ਕੁੱਲ 30 ਕੁਇੰਟਲ ਸਰ੍ਹੋਂ ਦੀ ਖਰੀਦ ਹੋਈ ਸੀ। ਇਸ ਵਾਰ ਹੁਣ ਤੱਕ 825 ਕੁਇੰਟਲ ਦੇ ਕਰੀਬ ਸਰ੍ਹੋਂ ਮੰਡੀ ’ਚੋਂ ਖਰੀਦੀ ਜਾ ਚੁੱਕੀ ਹੈ। ਮਾਰਕੀਟ ਕਮੇਟੀ ਦੇ ਸਕੱਤਰ ਸਰਜੀਤ ਸਿੰਘ ਨੇ ਦੱਸਿਆ ਕਿ ਸਰੋਂ ਦੀ ਖਰੀਦ ਨਿੱਜੀ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਜਿਸ ਦਾ ਇਸ ਵਾਰ ਭਾਅ 6000 ਰੁਪਏ ਤੋਂ 6400 ਰੁਪਏ ਤੱਕ ਲੱਗ ਰਿਹਾ ਹੈ।