ਮਾਛੀਵਾੜਾ (ਲੁਧਿਆਣਾ) : ਇਲਾਕੇ ਵਿਚ ਲੰਮੇ ਸਮੇਂ ਤੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਮੌਤ ਦੇ ਸੌਦਾਗਰ ਮਲਕੀਤ ਸਿੰਘ ਉਰਫ਼ ‘ਮੰਤਰੀ’ ਆਖਰ ਮਾਛੀਵਾੜਾ ਪੁਲਿਸ ਦੇ ਅਡ਼ਿੱਕੇ ਆ ਹੀ ਗਿਆ ਅਤੇ ਉਸ ਕੋਲੋਂ 1050 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ।
ਐੱਸਐੱਚਓ ਵਿਜੈ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਤਸਕਰ ਨੂੰ ਕਾਬੂ ਕਰਨ ਅਤੇ ਇਲਾਕੇ ਵਿਚ ਚਿੱਟਾ ਤੇ ਨਸ਼ੀਲੀਆਂ ਗੋਲੀਆਂ ਦੇ ਰੈਕੇਟ ਦਾ ਪਰਦਾਫਾਸ਼ ਕਰਨ ਲਈ ਜਾਲ੍ਹ ਫਸਾਇਆ ਜਾ ਰਿਹਾ ਸੀ ਕਿ ਆਖਰ ਇਹ ਨੌਜਵਾਨ ਮਲਕੀਤ ਸਿੰਘ ਜਿਹੜਾ ਕਿ ਇਲਾਕੇ ਦੇ ਮੰਤਰੀ ਦੇ ਨਾਮ ਤੋਂ ਮਸ਼ਹੂਰ ਹੈ, ਪੁਲਿਸ ਦੇ ਪੰਜੇ ਵਿਚ ਆ ਹੀ ਗਿਆ।
ਵਿਜੈ ਕੁਮਾਰ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਰਨੈਲ ਸਿੰਘ ਵਲੋਂ ਗੜ੍ਹੀ ਤਰਖਾਣਾ ਪੁਲ ’ਤੇ ਨਾਕਾਬੰਦੀ ਕਰ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਇੱਕ ਨੌਜਵਾਨ ਸਮਰਾਲਾ ਵਲੋਂ ਮੋਟਰਸਾਈਕਲ ’ਤੇ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਨੂੰ ਦੇਖ ਕੇ ਆਪਣੀ ਜੇਬ ’ਚੋਂ ਇੱਕ ਵਜ਼ਨਦਾਰ ਲਿਫ਼ਾਫਾ ਸੜਕ ’ਤੇ ਕਿਨਾਰੇ ਸੁੱਟ ਦਿੱਤਾ, ਪਿੱਛੇ ਨੂੰ ਭੱਜਣ ਲੱਗਾ ਤਾਂ ਪੁਲਿਸ ਕਰਮਚਾਰੀਆਂ ਨੇ ਮੁਸ਼ਤੈਦੀ ਵਰਤਦਿਆਂ ਇਸ ਨੌਜਵਾਨ ਨੂੰ ਫੜ ਲਿਆ।