ਲੁਧਿਆਣਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਨਿੱਜੀ ਸਕੂਲਾਂ ਵਲੋਂ ਕੀਤੀਆਂ ਜਾਂਦੀਆਂ ਮਾਨਮਾਨੀਆਂ ‘ਤੇ ਰੋਕ ਲਗਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ ਜਿਨ੍ਹਾਂ ਵਿਚ ਫੀਸ ਨਾ ਵਧਾਉਣ, ਵਰਦੀਆਂ, ਕਿਤਾਬਾਂ ਵਿਸ਼ੇਸ਼ ਦੁਕਾਨਾਂ ਤੋਂ ਨਾ ਵਸੂਲਣ ਦਾ ਦਬਾਅ ਪਾਉਣਾ ਵੀ ਸ਼ਾਮਿਲ ਹੈ ਇਸਦੇ ਬਾਵਜੂਦ ਸ਼ਹਿਰ ਦੇ ਕਈ ਨਿੱਜੀ ਸਕੂਲਾਂ ਵਲੋਂ ਫੀਸਾਂ ਵਿਚ ਵਾਧਾ ਕੀਤੇ ਜਾਣ ਦੀ ਚਰਚਾ ਸੋਸ਼ਲ ਮੀਡੀਆ ‘ਤੇ ਚੱਲ ਰਹੀ ਹੈ।
ਸਰਾਭਾ ਨਗਰ ਸਥਿਤ ਸੈਕਰਟ ਹਾਰਟ ਕੌਨਵੈਂਟ ਸਕੂਲ ਵਲੋਂ ਇਕ ਅਜੀਬ ਹਦਾਇਤ ਦੱਸਵੀਂ ਕਲਾਸ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਕੀਤੀ ਹੈ ਕਿ +1 ਵਿਚ ਕਮਰਸ ਅਤੇ ਹਿਊਮੈਨਟੀਸ ਸਟਰੀਮ ‘ਚ ਦਾਖਿਲਾ ਲੈਣ ਲਈ ਫੀਸ ਦੀ ਪਹਿਲੀ ਕਿਸ਼ਤ 33940 ਰੁਪਏ 16-04-2022 ਤੱਕ ਜਮ੍ਹਾਂ ਕਰਾਈ ਜਾਵੇ, ਫੀਸ ਦੀ ਕਿਸ਼ਤ ਜਮ੍ਹਾਂ ਨਾ ਹੋਣ ਤੇ ਸਮਝ ਲਿਆ ਜਾਵੇਗਾ ਕਿ ਤੁਸੀਂ +1 ਵਿਚ ਦਾਖਿਲਾ ਨਹੀਂ ਲੈਣਾ ਚਾਹੁੰਦੇ। ਇਸ ਲਈ ਤੁਹਾਡੀ ਸੀਟ ਕੈਂਸਲ ਹੋਵੇਗੀ।
ਸੈਕਰਟ ਹਾਰਟ ਕੌਨਵੈਂਟ ਸਕੂਲ ਸਰਾਭਾ ਨਗਰ ‘ਚ ਦੱਸਵੀਂ ਕਲਾਸ ਵਿਚ ਪੜ੍ਹਦੇ ਇਕ ਵਿਦਿਆਰਥੀ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਵਲੋਂ ਜਾਰੀ ਹਦਾਇਤ ਤੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਹਾਲੇ ਦੱਸਵੀਂ ਕਲਾਸ ਦੇ ਪੇਪਰ ਚੱਲ ਰਹੇ ਹਨ। ਵਿਦਿਆਰਥੀਆਂ ਨੇ ਪਾਸ ਹੋ ਕੇ ਕਿਹੜੀ ਪੁਜੀਸ਼ਨ ਪ੍ਰਾਪਤ ਕਰਨੀ ਹੈ ਉਸ ਤੋਂ ਬਾਅਦ ਕਿਸ ਸਟਰੀਮ ਵਿਚ ਦਾਖਿਲਾ ਲੈਣਾ ਹੈ ਬਾਰੇ ਫੈਸਲਾ ਲੈਣ ਤੋਂ ਬਾਅਦ ਐਡਮਿਸ਼ਨ ਲੈਣੀ ਹੈ।
ਉਨ੍ਹਾਂ ਮੰਗ ਕੀਤੀ ਕਿ ਸਕੂਲ ਪ੍ਰਬੰਧਕ ਆਪਣਾ ਫੈਸਲਾ ਵਾਪਸ ਲੈਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਉਲਟ ਫੀਸਾਂ ਵਿਚ ਵਾਧਾ ਵੀ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੱਖ ਜਾਨਣ ਲਈ ਪਿ੍ੰਸੀਪਲ ਨਾਲ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਸਕੂਲ ਵਿਚ ਛੁੱਟੀਆਂ ਚੱਲ ਰਹੀਆਂ ਹਨ।