ਜਗਰਾਓਂ (ਲੁਧਿਆਣਾ) : ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਸਿਹਤ ਸੇਵਾਵਾਂ ‘ਚ ਵੱਡੀ ਸਹੂਲਤ ਲੈਸ ਕਰਦਿਆਂ ਖੂਨ ਦੀ ਨਾੜ ਵਿਚ ਖੂਨ ਜੰਮਣ ਨਾਲ ਹਾਰਟ ਅਟੈਕ ਨੂੰ ਰੋਕਣ ਵਾਲਾ 30 ਹਜ਼ਾਰੀ ਟੀਕਾ ਸੂਬੇ ਭਰ ਦੇ ਸਿਵਲ ਹਸਪਤਾਲਾਂ ‘ਚ ਉਪਲਬਧ ਕਰਵਾਇਆ ਗਿਆ ਹੈ। ਵਰਣਨਯੋਗ ਹੈ ਕਿ ਪੇਂਡੂ ਇਲਾਕਿਆਂ ਦੇ ਸਿਵਲ ਹਸਪਤਾਲਾਂ ਵਿਚ ਇਹ ਟੀਕਾ ਕਿਸੇ ਰਾਮਬਾਣ ਤੋਂ ਘੱਟ ਨਹੀਂ, ਕਿਉਂਕਿ ਪੇਂਡੂ ਹਸਪਤਾਲਾਂ ‘ਚ ਇਹ ਟੀਕਾ ਨਾ ਹੋਣ ਕਾਰਨ ਲਾਗਲੇ ਵੱਡੇ ਸ਼ਹਿਰਾਂ ਦੇ ਵੱਡੇ ਹਸਪਤਾਲਾਂ ‘ਚ ਮਰੀਜ਼ਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਜਾਣ ਦੀਆਂ ਘਟਨਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ।
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਪੰਜਾਬ ਵੱਲੋਂ ਹਾਰਟ ਅਟੈਕ ਕਾਰਨ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਵੱਡਾ ਕਦਮ ਚੁੱਕਦਿਆਂ ਸਿਵਲ ਹਸਪਤਾਲਾਂ ‘ਚ ਟੈਨੈਕਟਿਪਲੇਸ ਖੂਨ ਨੂੰ ਖੋਰਨ ਵਾਲੇ ਟੀਕੇ ਉਪਲਬਧ ਕਰਵਾਏ ਗਏ। ਇਹ ਟੀਕਾ ਐਮਰਜੈਂਸੀ ਵਿਚ ਸੂਬੇ ਦੇ ਹਸਪਤਾਲਾਂ ‘ਚ ਪਹੁੰਚਣ ਵਾਲੇ ਮਰੀਜ਼ਾਂ ਨੂੰ ਮੁਫਤ ਲਗਾਇਆ ਜਾਵੇਗਾ। ਬਾਜ਼ਾਰ ਵਿਚ ਇਸ ਟੀਕੇ ਦੀ ਕੀਮਤ ਕਰੀਬ 30 ਹਜ਼ਾਰ ਰੁਪਏ ਹੈ। ਇਸ ਨੂੰ ਸਟੈਮੀ ਪ੍ਰਾਜੈਕਟ ਅਧੀਨ ਉਪਲਬਧ ਕਰਵਾਇਆ ਗਿਆ ਹੈ।
ਡਾਕਟਰਾਂ ਅਨੁਸਾਰ ਹਾਰਟ ਅਟੈਕ ਜੋ ਕਿ ਖੂਨ ਦੀ ਨਾੜ ਵਿਚ ਖੂਨ ਜੰਮਣ ਨਾਲ ਛਾਤੀ ਵਿਚ ਦਰਦ ਹੁੰਦਾ ਹੈ। ਇਸ ਦੌਰਾਨ ਹਾਰਟ ਅਟੈਕ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹੇ ਵਿਚ ਹਾਰਟ ਅਟੈਕ ਨੂੰ ਰੋਕਣ ਲਈ ਇਹ ਟੀਕਾ ਬਹੁਤ ਸਹਾਈ ਹੁੰਦਾ ਹੈ। ਇਸ ਦੇ ਲਈ ਸਿਹਤ ਵਿਭਾਗ ਵੱਲੋਂ ਬਾਕਾਇਦਾ ਸੂਬੇ ਦੇ ਸਮੂਹ ਹਸਪਤਾਲਾਂ ਵਿਚ ਇਸ ਪ੍ਰਾਜੈਕਟ ਲਈ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ।
ਜਗਰਾਓਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰਦੀਪ ਮਹਿੰਦਰਾ ਨੇ ਸਿਹਤ ਵਿਭਾਗ ਵੱਲੋਂ ਉਪਲਬਧ ਕਰਵਾਏ ਉਕਤ ਟੀਕੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਐਮਰਜੈਂਸੀ ਵਿੰਗ ਵਿਚ ਹਾਰਟ ਅਟੈਕ ਦੀ ਸੰਭਾਵਨਾ ਵਾਲੇ ਮਰੀਜ਼ ਦੇ ਪਹੁੰਚਣ ‘ਤੇ ਡਿਊਟੀ ‘ਤੇ ਤੈਨਾਤ ਡਾਕਟਰ ਵੱਲੋਂ ਇਹ ਟੀਕਾ ਲਗਾਇਆ ਜਾਵੇਗਾ।
ਇਸ ਦੌਰਾਨ ਜੇ ਡਿਊਟੀ ਡਾਕਟਰ ਦਿਲ ਦੇ ਰੋਗਾਂ ਦਾ ਮਾਹਰ ਨਹੀਂ ਹੈ ਤਾਂ ਉਹ ਤੁਰੰਤ ਡੀਐੱਮਸੀ ਦੇ ਦੱਸੇ ਗਏ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਨਾਲ ਵੀ ਸੰਪਰਕ ਕਰਕੇ ਮਰੀਜ਼ ਨੂੰ ਹਾਰਟ ਅਟੈਕ ਤੋਂ ਬਚਾਉਣ ਲਈ ਡਾਕਟਰੀ ਸਹਾਇਤਾ ਦੇਵੇਗਾ। ਇਸ ਦੇ ਲਈ ਬਾਕਾਇਦਾ ਹਸਪਤਾਲ ਵਿਚ ਨੋਡਲ ਅਫਸਰ ਵੀ ਨਿਯੁਕਤ ਕਰ ਦਿੱਤਾ ਗਿਆ ਹੈ।