ਫਿਲੌਰ : ਫਿਲੌਰ ਪੁਲਸ ਨੇ ਐਤਵਾਰ ਫਿਰ ਸਮੱਗਲਰ ਵਿਜੇ ਦੇ ਇਕ ਹੋਰ ਬੰਦ ਪਏ ਘਰ ’ਚ ਛਾਪੇਮਾਰੀ ਕਰਕੇ ਉਥੋਂ 16 ਲੱਖ 53 ਹਜ਼ਾਰ ਰੁਪਏ, 21 ਤੋਲੇ ਸੋਨੇ ਦੇ, 1 ਕਿਲੋ 850 ਗ੍ਰਾਮ ਚਾਂਦੀ ਦੇ ਗਹਿਣੇ ਅਤੇ 18 ਮੋਬਾਇਲ ਫੋਨ ਬਰਾਮਦ ਕੀਤੇ।
ਪੁਲਸ ਨੇ ਸਮੱਗਲਰ ਦੇ ਘਰੋਂ ਜੋ 3 ਬੈਗ ਬਰਾਮਦ ਕੀਤੇ ਹਨ, ਉਹ ਸੋਨੇ ਦੇ ਗਹਿਣਿਆਂ ਅਤੇ ਰੁਪਇਆਂ ਨਾਲ ਭਰੇ ਹੋਏ ਸਨ। ਦੇਰ ਸ਼ਾਮ ਡੀ. ਐੱਸ. ਪੀ. ਹਰਨੀਲ ਸਿੰਘ ਨੇ ਮੀਡੀਆ ਨੂੰ ਮਿਲ ਕੇ ਦੱਸਿਆ ਕਿ ਉਨ੍ਹਾਂ ਬੈਗਾਂ ’ਚ 5 ਲੱਖ 35 ਹਜ਼ਾਰ ਹੀ ਮਿਲੇ ਹਨ ਤਾਂ ਉਸੇ ਸਮੇਂ ਸਮੱਗਲਰ ਵਿਜੇ ਦੀਆਂ ਦੋਵੇਂ ਭੈਣਾਂ ਮੋਨਿਕਾ ਅਤੇ ਸਲਮਾ ਦੇ ਕਹਿਣ ਮੁਤਾਬਕ ਪੁਲਸ ਉਨ੍ਹਾਂ ਰੁਪਇਆਂ ਤੋਂ ਇਲਾਵਾ ਉਸ ਦਾ 3 ਲੱਖ ਰੁਪਇਆ ਅਤੇ ਅੱਧਾ ਕਿਲੋ ਸੋਨਾ ਵੀ ਚੁੱਕ ਕੇ ਲੈ ਗਈ, ਜਿਸ ਦੇ ਉਸ ਕੋਲ ਸਬੂਤ ਵੀ ਹਨ।
ਐਤਵਾਰ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਪੁਲਸ ਪਾਰਟੀ ਨਾਲ ਸਵੇਰ 11 ਵਜੇ ਸਮੱਗਲਰ ਵਿਜੇ ਦੇ ਦੂਜੇ ਬੰਦ ਪਏ ਘਰ ਵਿਚ ਛਾਪੇਮਾਰੀ ਕੀਤੀ। ਪੁਲਸ ਨੇ ਉਥੇ ਮੌਜੂਦਾ ਕੌਂਸਲਰ ਰਾਕੇਸ਼ ਕਾਲੀਆ, ਸਾਬਕਾ ਕੌਂਸਲਰ ਸੁਰਿੰਦਰ ਡਾਬਰ ਨੂੰ ਨਾਲ ਲੈ ਕੇ ਜਿਉਂ ਹੀ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਥੇ ਪਏ ਬੈੱਡ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਵੀ ਕੱਲ ਵਾਂਗ ਬੈਗ ਨਿਕਲਣੇ ਸ਼ੁਰੂ ਹੋ ਗਏ, ਜਿਨ੍ਹਾਂ ’ਚੋਂ ਪੁਲਸ ਨੂੰ 16 ਲੱਖ 53 ਹਜ਼ਾਰ ਰੁਪਏ ਨਕਦ, ਇਕ ਕਿਲੋ 800 ਗ੍ਰਾਮ ਚਾਂਦੀ ਦੇ ਗਹਿਣੇ, 21 ਤੋਲੇ ਸੋਨੇ ਦੇ ਗਹਿਣੇ ਅਤੇ 18 ਮਹਿੰਗੇ ਮੋਬਾਇਲ ਫੋਨ ਬਰਾਮਦ ਕਰ ਕੇ ਥਾਣੇ ਲੈ ਗਈ।
ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਮੱਗਲਰ ਵਿਜੇ ਜੋਜੀ ਮਸੀਹ ਦਾ ਬੇਟਾ ਹੈ, ਜੋਜੀ ਵੀ ਇਕ ਸਮੱਗਲਰ ਸੀ। ਉਸ ਦੇ ਮਰਨ ਤੋਂ ਬਾਅਦ ਵਿਜੇ ਨਸ਼ਿਆਂ ਦੀ ਸਮੱਗਲਿੰਗ ਦਾ ਵੱਡੇ ਪੱਧਰ ’ਤੇ ਧੰਦਾ ਕਰਨ ਲੱਗ ਪਿਆ। ਵਿਜੇ ’ਤੇ ਫਿਲੌਰ ਪੁਲਸ ਥਾਣੇ ’ਚ 20 ਤੋਂ ਵੱਧ ਲੁੱਟ-ਖੋਹ, ਚੋਰੀ, ਡਕੈਤੀ ਅਤੇ ਝਗੜੇ ਦੇ ਮੁਕੱਦਮੇ ਦਰਜ ਹਨ। ਹਾਲ ਦੀ ਘੜੀ ਉਹ ਫਰਾਰ ਹੈ।