ਲੁਧਿਆਣਾ : ਕੌਮਾਂਤਰੀ ਲੇਖਕ ਮੰਚ (ਕਲਮ) ਵੱਲੋਂ ਪੰਜਾਬੀ ਭਾਸ਼ਾ ਦੇ ਛੇ ਸਿਰਕੱਢ ਲੇਖਕਾਂ ਹਰਭਜਨ ਸਿੰਘ ਹੁੰਦਲ, ਡਾਃ ਆਤਮਜੀਤ ਨਾਟਕਕਾਰ,ਡਾਃ ਧਨਵੰਤ ਕੌਰ ਪਟਿਆਲਾ, ਡਾਃ ਭੀਮ ਇੰਦਰ ਸਿੰਘ, ਡਾਃ ਨੀਤੂ ਅਰੋੜਾ ਬਠਿੰਡਾ ਤੇ ਡਾਃ ਕੁਲਦੀਪ ਸਿੰਘ ਦੀਪ ਚੰਡੀਗੜ੍ਹ ਨੂੰ ਕ੍ਰਮਵਾਰ ਬਾਪੂ ਜਾਗੀਰ ਸਿੰਘ ਕੰਬੋਜ ਯਾਦਗਾਰੀ ਪੁਰਸਕਾਰ, ਡਾਃ ਕੇਸਰ ਸਿੰਘ ਕੇਸਰ ਯਾਦਗਾਰੀ ਪੁਰਸਕਾਰ ਅਤੇ ਬਲਵਿੰਦਰ ਰਿਸ਼ੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਵਿਸ਼ੇਸ਼ ਮਹਿਮਾਨਾਂ ਵਿੱਚ ਪ੍ਰੋਃ ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ(ਰਜਿਃ) ਡਾਃ ਲਖਵਿੰਦਰ ਜੌਹਲ ਪ੍ਰਧਾਨ ਕਲਮ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਡਾਃ ਜਸਵਿੰਦਰ ਸਿੰਘ ਸਾਬਕਾ ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇਕਬਾਲ ਮਾਹਲ ਟੋਰੰਟੋ, ਡਾਃ ਸੁਖਦੇਵ ਸਿੰਘ ਸਿਰਸਾ ਤੇ ਕਾਲਿਜ ਪ੍ਰਿੰਸੀਪਲ ਡਾਃ ਤਰਸੇਮ ਸਿੰਘ ਸ਼ਾਮਿਲ ਹੋਏ।
ਕਲਮ ਦੇ ਜਨਰਲ ਸਕੱਤਰ ਪ੍ਰੋਃ ਸਿਰਜੀਤ ਜੱਜ ਨੇ ਸਵਾਗਤੀ ਸ਼ਬਦ ਬੋਲਦਿਆਂ ਕਲਮ ਦੇ 18ਵੇਂ ਸਮਾਗਮ ਦੀ ਰੂਪ ਰੇਖਾ ਦੱਸਦਿਆਂ ਕਿਹਾ ਕਿ ਇਹ ਸੰਸਥਾ ਅਮਰੀਕਾ ਵਾਸੀ ਲੇਖਕਾਂ ਡਾਃ ਸੁਖਵਿੰਦਰ ਕੰਬੋਜ ਚੇਅਰਮੈਨ ਤੇ ਕੁਲਵਿੰਦਰ ਵਾਈਸ ਚੇਅਰਮੈਨ ਦੀ ਪ੍ਰੇਰਨਾ ਨਾਲ ਸ਼ੁਰੂ ਕੀਤੀ ਗਈ ਸੀ। ਇਸ ਵਿੱਚ ਹਰ ਸਾਲ ਤਿੰਨ ਲੇਖਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਪਰ ਕਰੋਨਾ ਕਹਿਰ ਕਾਰਨ ਪਿਛਲੇ ਦੋ ਸਾਲ ਸਭ ਸਰਗਰਮੀਆਂ ਠੱਪ ਰਹਿਣ ਕਰਕੇ ਇਸ ਸਾਲ ਦੋ ਸਾਲਾਂ ਦੇ ਪੁਰਸਕਾਰ ਇਕੱਠੇ ਦਿੱਤੇ ਜਾ ਰਹੇ ਹਨ।
ਡਾਃ ਸੁਖਵਿੰਦਰ ਕੰਬੋਜ ਦੇ ਮਾਣਯੋਗ ਬਾਪੂ ਜੀ ਸਃ ਜਾਗੀਰ ਸਿੰਘ ਕੰਬੋਜ ਯਾਦਗਾਰੀ ਪੁਰਸਕਾਰ ਲੈਣ ਲਈ ਹਰਭਜਨ ਸਿੰਘ ਹੁੰਦਲ ਦੇ ਸਪੁੱਤਰ ਡਾਃ ਹਰਪ੍ਰੀਤ ਸਿੰਘ ਹੁੰਦਲ ਪੁੱਜੇ ਜਦ ਕਿ ਡਾਃ ਆਤਮਜੀਤ ਦੇ ਅਮਰੀਕਾ ਵਿੱਚ ਹੋਣ ਕਰਕੇ ਉਨ੍ਹਾਂ ਦਾ ਪੁਰਸਕਾਰ ਨਾਟਕਕਾਰ ਡਾਃ ਸਾਹਿਬ ਸਿੰਘ ਮੋਹਾਲੀ ਨੇ ਪ੍ਰਾਪਤ ਕੀਤਾ।
ਦੋਹਾਂ ਪ੍ਰਮੁੱਖ ਲੇਖਕਾਂ ਦਾ ਰੀਕਾਰਡਡ ਸੰਦੇਸ਼ ਵੀ ਸਰੋਤਿਆਂ ਨੂੰ ਸੁਣਾਇਆ ਗਿਆ। ਡਾਃ ਕੇਸਰ ਸਿੰਘ ਕੇਸਰ ਯਾਦਗਾਰੀ ਪੁਰਸਕਾਰ ਡਾਃ ਧਨਵੰਤ ਕੌਰ ਤੇ ਡਾਃ ਭੀਮ ਇੰਦਰ ਸਿੰਘ ਨੇ ਹਾਸਲ ਕੀਤਾ। ਬਲਵਿੰਦਰ ਰਿਸ਼ੀ ਯਾਦਗਾਰੀ ਪੁਰਸਕਾਰ ਡਾਃ ਨੀਤੂ ਅਰੋੜਾ ਤੇ ਡਾਃ ਕੁਲਦੀਪ ਸਿੰਘ ਦੀਪ ਨੂੰ ਪ੍ਰਦਾਨ ਕੀਤਾ ਗਿਆ।