ਲੁਧਿਆਣਾ : ਮੁੱਖ ਚੌਕਸੀ ਅਧਿਕਾਰੀ ਦੀ ਟੀਮ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਵਿੱਚ ਹੋਈਆਂ ਬੇਨਿਯਮੀਆਂ ਦੀ ਜਾਂਚ ਕਰਨ ਲਈ ਛਾਪੇਮਾਰੀ ਕੀਤੀ । ਟੀਮ ਦੀ ਅਗਵਾਈ ਖੁਦ ਮੁੱਖ ਚੌਕਸੀ ਅਧਿਕਾਰੀ ਰਾਜੀਵ ਸੇਖੜੀ ਕਰ ਰਹੇ ਸਨ। ਸੀਵੀਓ ਨੇ ਟਰੱਸਟ ਦੇ ਰਿਕਾਰਡ ਨੂੰ ਸਕੈਨ ਕੀਤਾ ਅਤੇ ਕੁਝ ਮਹੱਤਵਪੂਰਨ ਫਾਈਲਾਂ ਆਪਣੇ ਨਾਲ ਲੈ ਗਿਆ। ਦੱਸਿਆ ਜਾ ਰਿਹਾ ਹੈ ਕਿ ਸੀਵੀਓ ਨੇ ਪਿਛਲੇ ਚਾਰ ਸਾਲਾਂ ਵਿੱਚ ਬਦਲੀਆਂ ਰਜਿਸਟਰੀਆਂ ਦਾ ਰਿਕਾਰਡ ਵੀ ਕਬਜ਼ੇ ‘ਚ ਲੈ ਲਿਆ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਟਰੱਸਟ ਵੱਲੋਂ ਸ਼ਹਿਰ ਚ ਕਰਵਾਏ ਗਏ ਨਿਰਮਾਣ ਅਤੇ ਵਿਕਾਸ ਕਾਰਜਾਂ ਨਾਲ ਸਬੰਧਤ ਰਿਕਾਰਡ ਵੀ ਆਪਣੇ ਕਬਜ਼ੇ ਚ ਲੈ ਲਿਆ। ਸੀਵੀਓ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਇੰਜੀਨੀਅਰਿੰਗ ਵਿੰਗ ਅਤੇ ਹੋਰ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ। ਸੀਵੀਓ ਨੇ ਈਓ ਕੁਲਜੀਤ ਕੌਰ ਤੋਂ ਅਧਿਕਾਰੀਆਂ ਤੋਂ ਐਲਡੀਪੀ ਪਲਾਟਾਂ ਅਤੇ ਈ-ਨਿਲਾਮੀ ਰਾਹੀਂ ਵੇਚੀਆਂ ਗਈਆਂ ਜਾਇਦਾਦਾਂ ਬਾਰੇ ਵੀ ਪੁੱਛਗਿੱਛ ਕੀਤੀ।
ਲੁਧਿਆਣਾ ਇੰਪਰੂਵਮੈਂਟ ਟਰੱਸਟ ਖਿਲਾਫ ਸੀਵੀਓ ਕੋਲ ਕੁੱਲ 18 ਸ਼ਿਕਾਇਤਾਂ ਪਹੁੰਚੀਆਂ ਸਨ। ਜਿਨ੍ਹਾਂ ਵਿਚੋਂ ਜ਼ਿਆਦਾਤਰ ਜਾਇਦਾਦ ਨਾਲ ਸਬੰਧਤ ਸਨ ਜਦਕਿ ਕੁਝ ਸ਼ਿਕਾਇਤਾਂ ਵਿਕਾਸ ਕਾਰਜਾਂ ਨਾਲ ਸਬੰਧਤ ਸਨ। ਇਨ੍ਹਾਂ ਸਾਰੀਆਂ ਸ਼ਿਕਾਇਤਾਂ ਦੀ ਜਾਂਚ ਲਈ ਸੀ ਵੀ ਓ ਆਪਣੀ 6 ਮੈਂਬਰੀ ਟੀਮ ਨਾਲ ਲੁਧਿਆਣਾ ਪਹੁੰਚੇ। ਦਫ਼ਤਰ ਪਹੁੰਚਦਿਆਂ ਹੀ ਉਨ੍ਹਾਂ ਈ. ਓ. ਕੁਲਜੀਤ ਕੌਰ ਨੂੰ ਬੁਲਾ ਕੇ ਉਨ੍ਹਾਂ ਤੋਂ ਸ਼ਿਕਾਇਤਾਂ ਸਬੰਧੀ ਰਿਕਾਰਡ ਤਲਬ ਕੀਤਾ। ਸੀਵੀਓ ਨੂੰ ਮਿਲੀਆਂ ਜ਼ਿਆਦਾਤਰ ਸ਼ਿਕਾਇਤਾਂ ਸਾਬਕਾ ਚੇਅਰਮੈਨ ਰਮਨਬਾਲਾ ਸੁਬਰਾਮਨੀਅਮ ਦੇ ਕਾਰਜਕਾਲ ਦੀਆਂ ਹਨ।