ਖੰਨਾ/ ਲੁਧਿਆਣਾ : ਏਸ਼ੀਆਂ ਦੀ ਸਭ ਤੋਂ ਵੱਡੀ ਮੰਡੀ ਖੰਨਾ ’ਚ ਪ੍ਰਬੰਧਾਂ ਦੀ ਘਾਟ ਰੜਕ ਰਹੀ ਹੈ। ਖੰਨਾ ਦੀ ਮੁੱਖ ਮੰਡੀ ਨੂੰ ਛੱਡ ਕੇ ਰਹੋਣ ਫੜ੍ਹ, ਫੋਕਲ ਪੁਆਇੰਟ ਰਾਏਪੁਰ ਤੇ ਦਹਿੜੁ ਵਿਖੇ ਪ੍ਰਬੰਧਾਂ ਦੇ ਹਾਲਤ ਬਹੁਤ ਮਾੜੇ ਹਨ, ਜਿਸ ਕਰ ਕੇ ਆਉਣ ਵਾਲੇ ਦਿਨਾਂ ’ਚ ਮੰਡੀਆਂ ’ਚ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮਾਰਕੀਟ ਕਮੇਟੀ ਵੱਲੋਂ ਭਾਵੇਂ ਲਾਈਟਾਂ, ਪੀਣ ਵਾਲੇ ਪਾਣੀ ਤੇ ਪਖਾਨਿਆਂ ਦੇ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਵੀ ਕੀਤੇ ਗਏ ਪਰ ਮੰਡੀਆਂ ’ਚ ਲਾਈਟਾਂ ਨੂੰ ਛੱਡ ਕੇ ਰਹੋਣ ਤੇ ਹੋਰ ਮੰਡੀਆਂ ’ਚ ਪੀਣ ਵਾਲੇ ਪਾਣੀ ਤੇ ਪਖਾਨਿਆਂ ਦੇ ਪ੍ਰਬੰਧ ਨਜ਼ਰ ਨਹੀਂ ਆਏ। ਰਹੋਣ ਫੜ੍ਹ ’ਚ ਬਾਥਰੂਮ ਜਾਣ ਵਾਲੇ ਰਸਤੇ ’ਚ ਫੁੱਟ ਫੁੱਟ ਘਾਹ ਫੂਸ ਖੜਾ ਹੈ, ਜਿਸ ਨੂੰ ਸਾਫ ਕਰਨ ਦੀ ਕਿਸੇ ਵੱਲੋਂ ਅਜੇ ਤਕ ਜ਼ਰੂਰਤ ਨਹੀਂ ਸਮਝੀ ਗਈ। ਅਜਿਹੇ ਅਧੂਰੇ ਪ੍ਰਬੰਧਾਂ ’ਚ ਦਾਣਾ ਮੰਡੀ ਖੰਨਾ ’ਚ ਸੋਮਵਾਰ ਨੂੰ ਕਣਕ ਦੀ ਸਰਕਾਰੀ ਖਰੀਦ ਦਾ ਰਸਮੀ ਉਦਘਾਟਨ ਵਿਧਾਇਕ ਤਰੁਣਪ੍ਰੀਤ ਸਿੰਘ ਸੋਂਦ ਵੱਲੋਂ ਕੀਤਾ ਗਿਆ।
ਫੋਕਲ ਪੁਆਇੰਟ ਰਾਏਪੁਰ ਤੇ ਦੇਹੜੂ ਵਿਖੇ ਖਰੀਦ ਪ੍ਰਬੰਧਾਂ ’ਚ ਵੱਡੀਆਂ ਖਾਮੀਆਂ ਹਨ। ਇੱਥੇ ਲਾਈਟਾਂ, ਪੀਣ ਵਾਲੇ ਪਾਣੀ ਤੇ ਪਖਾਨਿਆਂ ਦਾ ਕਈ ਪ੍ਰਬੰਧ ਨਹੀਂ ਹੈ। ਰਾਏਪੁਰ ਵਿਖੇ ਤਾਂ ਫੜ੍ਹ ’ਚ ਪਾਥੀਆਂ ਦੇ ਢੇਰ ਲੱਗੇ ਹੋਏ ਹਨ। ਜਿਹੜੇ ਹੁਣ ਤਕ ਚੁਕਾਏ ਨਹੀਂ ਗਏ। ਦੂਜੇ ਪਾਸੇ ਕਣਕ ਪੱਕ ਕੇ ਵਾਢੀ ਲਈ ਲਗਪਗ ਤਿਆਰ ਹੋ ਚੁੱਕੀ ਹੈ। ਅਜਿਹੇ ’ਚ ਕਿਸਾਨਾਂ ਤੇ ਆਡ਼੍ਹਤੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆੜਤੀ ਗੁਰਚਰਨ ਸਿੰਘ ਢੀਂਡ ਤੇ ਭੁਪਿੰਦਰ ਸਿੰਘ ਅਲੌੜ ਨੇ ਕਿਹਾ ਕਿ ਪਿਛਲੇ ਸੀਜ਼ਨ ’ਚ ਆੜਤੀਆਂ ਨਾਲ ਠੇਕੇਦਾਰ ਵੱਲੋਂ ਵੱਡੀ ਲੁੱਟ ਕੀਤੀ ਗਈ ਸੀ। ਠੇਕੇਦਾਰ ਕੋਲ ਗੱਡੀਆਂ ਦੀ ਘਾਟ ਕਰ ਕੇ ਆੜਤੀਆਂ ਨੂੰ ਖੁਦ ਢੋਆ-ਢੁਆਈ ਕਰਨੀ ਪਈ ਤੇ ਲੱਖਾਂ ਰੁਪਏ ਖਰਚਣੇ ਪਏ। ਇਸ ਵਾਰ ਵੀ ਕਾਂਗਰਸ ਸਰਕਾਰ ਦੇ ਕਾਰਜਕਾਲ ਸਮੇਂ ਠੇਕਾ ਹੋਇਆ ਹੈ। ਜਿਸ ਕਰ ਕੇ ਆੜਤੀਆਂ ਨੂੰ ਡਰ ਹੈ ਕਿ ਕਿਧਰੇ ਠੇਕੇਦਾਰ ਕੋਲ ਫਿਰ ਢੋਆ ਢੁਆਈ ਦੇ ਸਾਧਨ ਨਾ ਹੋਣ ਕਰ ਕੇ ਆੜਤੀਆਂ ਨੂੰ ਸਮੱਸਿਆ ਨਾ ਝੱਲਣੀ ਪੈ ਜਾਵੇ।
ਇਹ ਤੌਖਲਾ ਵਿਧਾਇਕ ਤਰੁਣਪ੍ਰੀਤ ਸਿੰਘ ਸੋਂਦ ਕੋਲ ਵੀ ਪ੍ਰਗਟ ਕੀਤਾ ਗਿਆ ਸੀ ਤੇ ਮੰਗ ਕੀਤੀ ਸੀ ਕਿ ਅਧਿਕਾਰੀਆਂ ਨੂੰ ਹਦਾਇਤਾਂ ਕਰ ਕੇ ਠੇਕੇਦਾਰ ਕੋਲ ਪੁਖਤਾ ਗੱਡੀਆਂ ਹੋਣ ਸਬੰਧੀ ਤਸਦੀਕ ਕਰਵਾਇਆ ਜਾਵੇ ਤਾਂ ਜੋ ਆੜਤੀਆਂ ਤੇ ਕਿਸਾਨਾਂ ਨੂੰ ਸਮੱਸਿਆ ਨਾ ਆਵੇ। ਵਿਧਾਇਕ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਮੰਡੀ ’ਚ ਕਿਸੇ ਨੂੰ ਲੁੱਟ ਖਸੁੱਟ ਨਹੀਂ ਕਰਨ ਦਿੱਤੀ ਜਾਵੇਗੀ।