ਲੁਧਿਆਣਾ : ਨਗਰ ਨਿਗਮ ਵਾਰਡ 74 ਅਧੀਨ ਪੈਂਦੇ ਪਿੰਡ ਬਾੜੇਵਾਲ ਦੀ ਸ਼ਾਮਲਾਟ ਜ਼ਮੀਨ ‘ਤੇ ਕੁੱਝ ਲੋਕਾਂ ਵਲੋਂ ਮੁੜ ਨਾਜਾਇਜ਼ ਕਬਜਾ ਕਰਨ ਦੀ ਕੀਤੀ ਕੋਸ਼ਿਸ਼ ਨਗਰ ਨਿਗਮ ਅਧਿਕਾਰੀਆਂ ਨੇ ਨਾਕਾਮ ਕਰ ਦਿੱਤੀ।
ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਾੜੇਵਾਲ-ਅਯਾਲੀ ਰੋਡ ‘ਤੇ ਕਰੀਬ 800 ਵਰਗ ਗਜ ਸ਼ਾਮਲਾਟ ਜ਼ਮੀਨ ਹੈ ਜਿਸ ‘ਤੇ ਕੁੱਝ ਲੋਕਾਂ ਵਲੋਂ ਪਿੱਲਰ ਖੜੇ੍ ਕਰਕੇ ਉਸਾਰੀ ਸ਼ੁਰੂ ਕੀਤੀ ਸੀ, ਲੋਕਾਂ ਵਲੋਂ ਕੌਂਸਲਰ ਪੰਕਜ ਕਾਕਾ ਨੂੰ ਸ਼ਿਕਾਇਤ ਕੀਤੇ ਜਾਣ ‘ਤੇ ਉਨ੍ਹਾਂ ਨਿਗਮ ਅਧਿਕਾਰੀਆਂ ਦੇ ਧਿਆਨ ਵਿਚ ਮਾਮਲਾ ਲਿਆਂਦਾ ਤਾਂ ਸਹਾਇਕ ਨਿਗਮ ਯੋਜਨਾਕਾਰ ਜੋਨ-ਡੀ ਮਦਨਜੀਤ ਸਿੰਘ ਬੇਦੀ ਨੇ ਮੌਕੇ ‘ਤੇ ਨਿਰੀਖਕ ਜਗਦੀਪ ਸਿੰਘ ਖੰਗੂੜਾ ਨੂੰ ਮਾਮਲੇ ਦੀ ਜਾਂਚ ਲਈ ਭੇਜਿਆ ਗਿਆ ਜਿਨ੍ਹਾਂ ਨੇ ਚੱਲ ਰਹੇ ਉਸਾਰੀ ਦੇ ਕੰਮ ਨੂੰ ਬੰਦ ਕਰਾ ਦਿੱਤਾ |
ਉਨ੍ਹਾਂ ਦੱਸਿਆ ਕਿ ਜੇ. ਸੀ. ਬੀ. ਮਸ਼ੀਨ ਮੌਜੂਦ ਨਾ ਹੋਣ ਕਾਰਨ ਅੱਜ ਪਿੱਲਰ ਤੇ ਕੀਤੀ ਉਸਾਰੀ ਢਾਹੀ ਜਾਵੇਗੀ, ਪਿੰਡ ਬਾੜੇਵਾਲ ਦੇ ਕੁਝ ਲੋਕਾਂ ਨੇ ਦੱਸਿਆ ਕਿ ਇਸ ਜ਼ਮੀਨ ‘ਤੇ ਪਹਿਲਾਂ ਛੱਪੜ ਸੀ, ਸੀਵਰੇਜ ਲਾਈਨ ਵਿਛਾਏ ਜਾਣ ‘ਤੇ ਗੰਦਾ ਪਾਣੀ ਛੱਪੜ ‘ਚ ਡਿੱਗਣਾ ਬੰਦ ਹੋ ਗਿਆ। ਕੁਝ ਲੋਕਾਂ ਨੇ ਸਿਆਸੀ ਆਗੂਆਂ ਦੀ ਸ਼ਹਿ ‘ਤੇ ਧਾਰਮਿਕ ਸਥਾਨ ਬਣਾਉਣ ਦੀ ਆੜ ਹੇਠ ਜ਼ਮੀਨ ‘ਤੇ ਕਬਜਾ ਕਰਨ ਦੀ ਕੋਸ਼ਿਸ਼ ਕਰੀਬ ਚਾਰ ਸਾਲ ਪਹਿਲਾਂ ਵੀ ਕੀਤੀ ਸੀ।