ਲੁਧਿਆਣਾ : ਉੱਤਰਾਖੰਡ ਦੇ ਸਰਹੱਦੀ ਚਮੋਲੀ ਜ਼ਿਲ੍ਹੇ ’ਚ ਸਥਿਤ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਦੇ ਕਿਵਾੜ ਇਸ ਸਾਲ 22 ਮਈ ਨੂੰ ਖੁੱਲ੍ਹਣਗੇ। ਇਹ ਜਾਣਕਾਰੀ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਸ਼ੁੱਕਰਵਾਰ ਦਿੱਤੀ। ਉਨ੍ਹਾਂ ਦੱਸਿਆ ਕਿ 22 ਮਈ ਨੂੰ ਸਵੇਰੇ 10.30 ਵਜੇ ਗੁਰਦੁਆਰਾ ਸਾਹਿਬ ਦੇ ਕਿਵਾੜ ਸੰਗਤਾਂ ਲਈ ਖੋਲ੍ਹ ਦਿੱਤੇ ਜਾਣਗੇ।
ਬਿੰਦਰਾ ਮੁਤਾਬਕ ਭਾਰਤੀ ਫੌਜ, ਟਰੱਸਟ ਦੇ ਸੇਵਾਦਾਰਾਂ ਅਤੇ ਉੱਤਰਾਖੰਡ ਸਰਕਾਰ ਵਿਚਾਲੇ ਆਪਸੀ ਸਹਿਮਤੀ ਕਾਇਮ ਹੋਣ ਤੋਂ ਬਾਅਦ ਇਹ ਤਰੀਕ ਤੈਅ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜੇ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਸਾਹਿਬ ਤਕ ਪਹੰੁਚਣ ਵਾਲੀ ਸੜਕ ’ਤੇ ਬਰਫ਼ ਜੰਮੀ ਹੋਈ ਹੈ ਅਤੇ ਭਾਰਤੀ ਫ਼ੌਜ ਤੇ ਸੇਵਾਦਾਰਾਂ ਦੀ ਟੀਮ ਵੱਲੋਂ ਜੰਗੀ ਪੱਧਰ ’ਤੇ ਇਸ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਗੜ੍ਹਵਾਲ ’ਚ ਸਥਿਤ ਚਾਰਾਂ ਧਾਮਾਂ ਵਾਂਗ ਸ੍ਰੀ ਹੇਮਕੁੰਟ ਸਾਹਿਬ ਵੀ ਸਰਦੀਆਂ ’ਚ ਭਾਰੀ ਬਰਫ਼ਬਾਰੀ ਅਤੇ ਕੜਾਕੇ ਠੰਡ ਦਾ ਸਾਹਮਣਾ ਕਰਦਾ ਹੈ। ਇਸ ਲਈ ਹਰ ਸਾਲ ਅਕਤੂਬਰ ’ਚ ਗੁਰਦੁਆਰੇ ਦੇ ਕਿਵਾੜ ਸੰਗਤਾਂ ਲਈ ਬੰਦ ਕਰ ਦਿੱਤੇ ਜਾਂਦੇ ਹਨ। ਇਨ੍ਹਾਂ ਨੂੰ ਅਗਲੇ ਸਾਲ ਮਈ-ਜੂਨ ’ਚ ਦੁਬਾਰਾ ਖੋਲ੍ਹ ਦਿੱਤਾ ਜਾਂਦਾ ਹੈ।