ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ, ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਰਾਜ ਭਰ ਅੰਦਰ ਮੰਡੀਆਂ ‘ਚ ਕਣਕ ਦਾ ਇਕ-ਇਕ ਦਾਣਾ ਖ਼ਰੀਦਣ ਦਾ ਦਾਅਵਾ ਕੀਤਾ ਗਿਆ ਹੈ।
ਡਾਇਰੈਕਟਰ ਖੁਰਾਕ ਵਿਭਾਗ ਪੰਜਾਬ ਦੁਆਰਾ ਭਾਵੇਂ ਰਾਜ ਦੀਆਂ ਦਾਣਾ ਮੰਡੀਆਂ ‘ਚ ਹਾੜ੍ਹੀ ਦੀ ਫ਼ਸਲ ਕਣਕ ਦੀ ਖ਼ਰੀਦ ਕੱਲ੍ਹ 1 ਅਪ੍ਰੈਲ ਤੋਂ ਸ਼ੁਰੂ ਕਰਵਾਉਣ ਲਈ ਜ਼ਿਲ੍ਹਾ ਫੂਡ ਕੰਟਰੋਲਰ, ਵੱਖ-ਵੱਖ ਏਜੰਸੀਆਂ ਦੇ ਉੱਚ ਅਧਿਕਾਰੀਆਂ ਤੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਖ਼ਰੀਦ ਕੇਂਦਰਾਂ ‘ਚ ਕਿਸਾਨਾਂ ਦੀ ਫ਼ਸਲ ਲਈ ਫੜ੍ਹਾਂ ‘ਚ ਢੁੱਕਵੀਂ ਥਾਂ ਤੇ ਕਿਸਾਨਾਂ ਲਈ ਪੀਣ ਵਾਲੇ ਪਾਣੀ ਜਾਂ ਹੋਰ ਪ੍ਰਬੰਧ 31 ਮਾਰਚ ਤੱਕ ਪੂਰੇ ਕਰ ਲੈਣ ਦਾ ਆਦੇਸ਼ ਹੈ।
ਪਰ ਲੁਧਿਆਣਾ ਜ਼ਿਲ੍ਹਾ ਮੰਡੀ ਅਫ਼ਸਰ ਅਧੀਨ ਮਾਰਕੀਟ ਕਮੇਟੀਆਂ ਦੇ ਮੁੱਖ ਯਾਰਡ ਦਾਣਾ ਮੰਡੀ ਮੁੱਲਾਂਪੁਰ-ਰਕਬਾ ਤੇ ਦਰਜਨ ਹੋਰ ਖ਼ਰੀਦ ਕੇਂਦਰਾਂ ‘ਚ ਲਾਈਟਾਂ, ਪਾਣੀ ਵਾਲੇ ਨਲਕੇ ਦੇ ਪ੍ਰਬੰਧ ਤਾਂ ਦੂਰ ਸਫ਼ਾਈ ਦਾ ਵੀ ਉੱਕਾ ਪ੍ਰਬੰਧ ਨਹੀਂ। ਮਾਰਕੀਟ ਕਮੇਟੀ ਦਾਖਾ ਲਈ ਸੈਕਟਰੀ ਦੇ ਦਫ਼ਤਰ ਬਾਹਰ 37 ਏਕੜ ਵਿਚ ਅਨਾਜ ਲਈ ਖਰੀਦ ਕੇਂਦਰ ਅੰਦਰ ਕਾਂਗਰਸੀ ਘਾਹ, ਹੋਰ ਕੱਖ ਕੰਡਾ ਪੱਕੇ ਫੜ੍ਹਾਂ ਨੂੰ ਬੀਆਬਾਨ ਜੰਗਲ ਵਿਚ ਬਦਲੀ ਬੈਠਾ ਹੈ।
ਖਰੀਦ ਤੋਂ ਪਹਿਲਾਂ ਫੜ੍ਹਾਂ ‘ਚ ਘਾਹ-ਫੂਸ ਵੇਖ ਕੇ ‘ਆਪ’ ਸਰਕਾਰ ਐਕਸ਼ਨ ਵਿਚ ਨਹੀਂ ਆਈ, ਜੇਕਰ ਆਉਂਦੀ ਤਾਂ ਅਜਿਹਾ ਨਾ ਹੁੰਦਾ। ਜ਼ਿਆਦਾ ਗਰਮੀ ਪੈਣ ਕਰਕੇ ਅਪ੍ਰੈਲ ਦੇ ਪਹਿਲੇ ਹਫ਼ਤੇ ਮਾਮੂਲੀ ਤੇ ਦੂਸਰੇ ਹਫ਼ਤੇ ਮੰਡੀਆਂ ‘ਚ ਕਣਕ ਦੀ ਬੰਪਰ ਫ਼ਸਲ ਪਹੁੰਚ ਜਾਵੇਗੀ, ਹੁਣ ਵੇਖਣਾ ਹੋਵੇਗਾ ਕਿ ਮਾਰਕੀਟ ਕਮੇਟੀ ਸੈਕਟਰੀ ਜਾਂ ਹੋਰ ਅਮਲਾ ਫੈਲਾ ਸਖ਼ਤੀ ਕਰਕੇ ਖ਼ਰੀਦ ‘ਚ ਬਾਕੀ ਇਕ ਦਿਨ ਅੰਦਰ ਕਿੰਨੀ ਕੁ ਸਫ਼ਾਈ ਕਰਵਾ ਲਵੇਗਾ।