ਲੁਧਿਆਣਾ : ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੂਮੈਨ ਮਾਡਲ ਟਾਊਨ ਦੇ ਅੰਗਰੇਜ਼ੀ ਦੇ ਪੀ ਜੀ ਵਿਭਾਗ ਵਲੋਂ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੇ ਸਹਿਯੋਗ ਨਾਲ ਪੁਸਤਕ ਰਿਲੀਜ਼ ਸਮਾਗਮ ਕਰਵਾਇਆ ਗਿਆ। ਇਹ ਕਿਤਾਬ ਵਰਡਸਮਿਥ ਕਾਲਜ ਦੇ ਐਮ.ਏ. (ਅੰਗਰੇਜ਼ੀ) ਸਮੈਸਟਰ ਚੌਥਾ ਦੀ ਵਿਦਿਆਰਥਣ ਸੰਜਨਾ ਭਨੋਟ ਦੁਆਰਾ ਸੰਕਲਿਤ ਤੇ ਸੰਪਾਦਿਤ ਕੀਤੀ ਗਈ ਹੈ, ਇਹ ਦੂਜੀ ਪ੍ਰਕਾਸ਼ਿਤ ਰਚਨਾ ਹੈ।
ਵਰਡਸਮਿਥ ਕਵਿਤਾਵਾਂ ਦਾ ਇਕ ਸੰਗ੍ਰਹਿ ਹੈ, ਜਿਸ ਵਿਚ ਦੇਸ਼ ਭਰ ਦੇ 20 ਲੇਖਕਾਂ ਦਾ ਯੋਗਦਾਨ ਹੈ। ਕਾਲਜ ਦੇ ਐਮ.ਏ. (ਅੰਗਰੇਜ਼ੀ) ਸਮੈਸਟਰ ਚੌਥਾ ਦੀਆਂ 2 ਵਿਦਿਆਰਥਣਾਂ ਨਿਹਾਰਿਕਾ ਦੇਵ ਅਤੇ ਹਰਸਿਮਰਤ ਕੌਰ ਇਸ ਕਿਤਾਬ ਦੇ ਸਹਿ-ਲੇਖਕ ਹਨ, ਜਿਸ ਨੂੰ ਉਹ ‘ਕਲਪਨਾ ਤੇ ਰਚਨਾਤਮਕਤਾ ਦੇ ਬ੍ਰਹਿਮੰਡ ਵਿਚ ਇਕ ਰੂਹਾਨੀ ਯਾਤਰਾ’ ਵਜੋਂ ਵਰਣਨ ਕਰਦੇ ਹਨ।
ਪਿ੍ੰਸੀਪਲ ਡਾ. ਮਨੀਤਾ ਕਾਹਲੋਂ ਨੇ ਇਸ ਮੌਕੇ ‘ਤੇ ਆਪਣੇ ਸੰਬੋਧਨ ‘ਚ ਵਿਦਿਆਰਥੀਆਂ ਨੂੰ ਲਿਖਤੀ ਅਤੇ ਸਾਹਿਤ ਦੇ ਵੱਖ-ਵੱਖ ਕਰੀਅਰ ਵਿਕਲਪਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਦੂਸਰਿਆਂ ਨੂੰ ਉਨ੍ਹਾਂ ਦੀਆਂ ਲੁਕੀਆਂ ਹੋਈਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਗਵਰਨਿੰਗ ਬਾਡੀ ਦੇ ਜਨਰਲ ਸਕੱਤਰ ਇੰਜੀਨੀਅਰ ਗੁਰਵਿੰਦਰ ਸਿੰਘ ਸਰਨਾ ਨੇ ਵਿਦਿਆਰਥੀ-ਲੇਖਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਅਜਿਹੀ ਪ੍ਰਤਿਭਾ ਨੂੰ ਹਮੇਸ਼ਾ ਸਹਿਯੋਗ ਤੇ ਉਤਸ਼ਾਹਿਤ ਕਰੇਗਾ।