Connect with us

ਖੇਤੀਬਾੜੀ

ਖੇਤੀ ਖੋਜ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ : ਸਪੀਕਰ ਪੰਜਾਬ ਵਿਧਾਨ ਸਭਾ

Published

on

Strengthening Agricultural Research Needs Time: Speaker Punjab Vidhan Sabha

ਲੁਧਿਆਣਾ : ਪੀਏਯੂ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਲਾਇਆ ਗਿਆ ਕਿਸਾਨ ਮੇਲਾ ਲੰਮੇ ਸਮੇਂ ਬਾਅਦ ਮਾਹਿਰਾਂ ਅਤੇ ਕਿਸਾਨਾਂ ਦੇ ਹਕੀਕੀ ਸੰਵਾਦ ਦੀ ਬਾਤ ਪਾਉਦਾ ਸਮਾਪਤ ਹੋ ਗਿਆ। ਜ਼ਿਕਰਯੋਗ ਹੈ ਕਿ ਕੋਵਿਡ ਦੌਰਾਨ ਸਰਕਾਰੀ ਹਦਾਇਤਾਂ ਦੇ ਮੱਦੇ ਨਜ਼ਰ ਪਿਛਲੇ ਤਕਰੀਬਨ ਦੋ ਸਾਲ ਤੋਂ ਕਿਸਾਨ ਮੇਲੇ ਵਰਚੂਅਲ ਹੋ ਰਹੇ ਸਨ। ਇਹ ਕੋਵਿਡ ਤੋਂ ਬਾਅਦ ਪਹਿਲਾਂ ਕਿਸਾਨ ਮੇਲਾ ਹੈ ਜੋ ਆਪਣੇ ਰਵਾਇਤੀ ਰੂਪ ਵਿੱਚ ਆਯੋਜਿਤ ਹੋਇਆ।

ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਸ਼ਾਮਿਲ ਹੋਏ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੀਏਯੂ ਦੁਨੀਆਂ ਦੀ ਨਾਮਵਰ ਸੰਸਥਾ ਹੈ ਅਤੇ ਇਸ ਦਾ ਸਿਹਰਾ ਉਨ੍ਹਾਂ ਮਾਹਿਰਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਪਿਛਲੇ ਛੇ ਦਹਾਕਿਆਂ ਤੋਂ ਡਟ ਕੇ ਖੇਤੀ ਦੀ ਬਿਹਤਰੀ ਲਈ ਖੋਜ ਕੀਤੀ ਹੈ। ਉਨ੍ਹਾਂ ਕਿਹਾ ਕਿ ਖੇਤੀ ਖੋਜ ਪ੍ਰਤੀ ਸਰਕਾਰਾਂ ਦੀ ਅਣਗਹਿਲੀ ਹੁਣ ਤੱਕ ਰਹੀ ਹੈ ਪਰ ਹੁਣ ਸਮਾਂ ਆ ਗਿਆ ਹੈ ਜਦੋ ਖੇਤੀ ਖੋਜ ਨੂੰ ਮਜ਼ਬੂਤ ਕਰਨ ਲਈ ਪੀਏਯੂ ਦੇ ਖੋਜ ਢਾਂਚੇ ਨੂੰ ਲੋੜੀਦੀਆਂ ਸੁਵਿਧਾਵਾਂ ਦਿੱਤੀਆਂ ਜਾਣ।

ਸ਼੍ਰੀ ਸੰਧਵਾਂ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਨੂੰ ਬਚਾਉਣ ਦਾ ਜ਼ਰੀਆ ਖੇਤੀ ਬਣੇਗਾ ਅਤੇ ਖੇਤੀ ਦਾ ਵਿਕਾਸ ਪੀਏਯੂ ਦੀ ਮਜ਼ਬੂਤੀ ਨਾਲ ਹੀ ਸੰਭਵ ਹੋ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਬਚਾਉਣਾ ਅੱਜ ਦੇ ਸਮੇਂ ਦੀ ਸਭ ਤੋਂ ਅਹਿਮ ਲੋੜ ਹੈ। ਇਸ ਲਈ ਸਰਕਾਰ ਨੂੰ ਅਸਰਦਾਰ ਨੀਤੀਆਂ ਬਨਾਉਣ ਦੀ ਜ਼ਰੂਰਤ ਹੈ। ਸ਼੍ਰੀ ਸੰਧਵਾਂ ਨੇ ਇਸ ਮੇਲੇ ਲਈ ਖੇਤਰੀ ਖੋਜ ਕੇਦਂਰ ਬਠਿੰਡਾ ਦੇ ਤਮਾਮ ਅਮਲੇ ਅਤੇ ਪੀਏਯੂ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਰਕਾਰ ਨੂੰ ਜ਼ੋਰ ਦੇ ਕੇ ਕਹਿਣਗੇ ਕਿ ਅਜਿਹੇ ਹੋਰ ਮੇਲੇ ਆਯੋਜਿਤ ਕੀਤੇ ਜਾਣ।

ਵਿਸ਼ੇਸ਼ ਮਹਿਮਾਨ ਵਜੋਂ ਮੇਲੇ ਦਾ ਹਿੱਸਾ ਬਣੇ ਹਲਕਾ ਬਠਿੰਡਾ ਸ਼ਹਿਰੀ ਦੇ ਵਿਧਾਇਕ ਸ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਖੇਤੀ ਨੂੰ ਵਿਕਸਤ ਕਰਨ ਵਿੱਚ ਅਤੇ ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਨਾਉਣ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਉਘਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨੀ ਅਤੇ ਖੇਤੀ ਦੇ ਵਿਕਾਸ ਲਈ ਲਗਾਤਾਰ ਕੰਮ ਕਰਦੇ ਰਹਿਣਗੇ ਅਤੇ ਸਰਕਾਰ ਨੂੰ ਇਸ ਦਿਸ਼ਾ ਵਿੱਚ ਗਤੀਸ਼ੀਲ ਰੱਖਣ ਵਿੱਚ ਸਹਿਯੋਗ ਦੇਣਗੇ। ਇਸ ਮੌਕੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਸ਼੍ਰੀ ਅਮਿਤ ਰਤਨ ਕੋਟਫੱਤਾ ਨੇ ਕਿਸਾਨ ਭਲਾਈ ਬਾਰੇ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।

ਇਸ ਮੌਕੇ ਪੀਏਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ ਅਮਨਪ੍ਰੀਤ ਸਿੰਘ ਨੇ ਆਪਣੀ ਕਾਮਯਾਬੀ ਬਾਰੇ ਗੱਲ ਕਰਦਿਆਂ ਕਿਸਾਨਾਂ ਨੂੰ ਕਿ੍ਰਸ਼ੀ ਵਿਗਿਆਨ ਕੇਦਂਰਾਂ ਨਾਲ ਜੁੜਨ ਲਈ ਕਿਹਾ। ਪੀਏਯੂ ਦੇ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਇਸ ਮੌਕੇ ਨਵੀਆਂ ਖੇਤੀ ਖੋਜਾਂ ਅਤੇ ਤਕਨੀਕਾਂ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਇਸ ਵਾਰ ਝੋਨੇ ਦੀਆਂ ਨਵੀਆਂ ਕਿਸਮਾਂ ਪੀਆਰ-130 ਅਤੇ ਪੀਆਰ-131 ਦੀ ਸਿਫ਼ਾਰਸ਼ ਕੀਤੀ ਜਾ ਰਹੀ ਹੈ।

ਨਿਰਦੇਸ਼ਕ ਪਸਾਰ ਸਿੱਖਿਆ ਡਾ ਅਸ਼ੋਕ ਕੁਮਾਰ ਨੇ ਸਵਾਗਤੀ ਸ਼ਬਦ ਬੋਲਦਿਆਂ ਆਨਲਾਈਨ ਮੇਲੇ ਲਾਉਣ ਦੇ ਮੰਤਵ ਅਤੇ ਮੇਲਿਆਂ ਦੀ ਰੂਪਰੇਖਾ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਮੇਲਿਆਂ ਦਾ ਥੀਮ ਧਰਤੀ, ਪਾਣੀ, ਪੌਣ ਬਚਾਈਏ, ਪੁਸ਼ਤਾਂ ਖਾਤਰ ਧਰਮ ਨਿਭਾਈਏੇ ਰੱਖਿਆ ਗਿਆ ਹੈ ਜਿਸ ਨਾਲ ਸਰੋਤਾਂ ਦੀ ਸਹੀ ਵਰਤੋਂ ਦਾ ਸੁਨੇਹਾ ਕਿਸਾਨਾਂ ਤੱਕ ਦੇਣ ਦਾ ਉਦੇਸ਼ ਹੈ। ਡਾ ਅਸ਼ੋਕ ਕੁਮਾਰ ਨੇ ਮੌਸਮੀ ਤਬਦੀਲੀ ਨਾਲ ਪੈਦਾ ਹੋਣ ਵਾਲੇ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਮਾਹਿਰਾਂ ਨਾਲ ਸੰਪਰਕ ਕਰਨ ਦੀ ਅਪੀਲ ਕਿਸਾਨਾਂ ਨੂੰ ਕੀਤੀ।

ਆਰੰਭਕ ਸੈਸ਼ਨ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਅਤੇ ਡਾ ਗੁਰਜਿੰਦਰ ਸਿੰਘ ਰੁਮਾਣਾ ਨੇ ਕੀਤਾ। ਅੰਤ ਵਿੱਚ ਧੰਨਵਾਦ ਦੇ ਸ਼ਬਦ ਖੇਤਰੀ ਖੋਜ ਕੇਦਂਰ, ਬਠਿੰਡਾ ਦੇ ਨਿਰਦੇਸ਼ਕ ਡਾ ਪਰਮਜੀਤ ਸਿੰਘ ਨੇ ਕਹੇ। ਪੀਏਯੂ ਦੇ ਅਧਿਕਾਰੀਆਂ ਨੇ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਸ ਕੁਲਤਾਰ ਸਿੰਘ ਸੰਧਵਾਂ ਜੀ ਅਤੇ ਹੋਰ ਪਤਵੰਤਿਆਂ ਦਾ ਸਨਮਾਨ ਚਿੰਨਾਂ ਨਾਲ ਸਨਮਾਨ ਕੀਤਾ।

Facebook Comments

Trending