Connect with us

ਅਪਰਾਧ

ਗੈਰ-ਕਾਨੂੰਨੀ ਧੰਦੇ ‘ਚ ਸ਼ਾਮਲ ਲੋਕਾਂ ਨਾਲ ਕਰੜੇ ਹੱਥੀਂ ਨਜਿੱਠਿਆ ਜਾਵੇਗਾ – ਪੁਲਿਸ ਕਮਿਸ਼ਨਰ

Published

on

Those involved in illegal trade will be dealt with severely - Commissioner of Police

ਲੁਧਿਆਣਾ : ਨਾਜਾਇਜ਼ ਸ਼ਰਾਬ ਮਾਫੀਆ ਅਤੇ ਗੈਰ-ਕਾਨੂੰਨੀ ਸ਼ਰਾਬ ਬਣਾਉਣ ਵਾਲੇ ਲੋਕਾਂ ਖਿਲਾਫ ਕਾਰਵਾਈ ਨੂੰ ਜਾਰੀ ਰੱਖਦੇ ਹੋਏ ਕਮਿਸ਼ਨਰੇਟ ਪੁਲਸ ਲੁਧਿਆਣਾ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਲਾਡੋਵਾਲ ਦੇ ਮੰਡ ਖੇਤਰ ਵਿੱਚੋਂ 80 ਹਜ਼ਾਰ ਲੀਟਰ ਲਾਹਣ ਜ਼ਬਤ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਲੁਧਿਆਣਾ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ਼-1 ਦੀ ਪੁਲਿਸ ਟੀਮ ਨੇ ਲਾਡੋਵਾਲ ਖੇਤਰ ਦੇ ਬੇਟ ਇਲਾਕੇ ਵਿੱਚੋਂ ਕਿਸ਼ਤੀਆਂ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਹੈ. ਉਨ੍ਹਾਂ ਦੱਸਿਆ ਕਿ ਟੀਮ ਨੇ ਮੌਕੇ ਤੋਂ 80 ਹਜ਼ਾਰ ਲੀਟਰ ਲਾਹਣ ਅਤੇ 30 ਲੀਟਰ ਗੈਰ-ਕਾਨੂੰਨੀ ਸ਼ਰਾਬ ਬ੍ਰਾਮਦ ਕੀਤੀ ਹੈ ਜਿਸ ਤੋਂ ਬਾਅਦ ਤੁਰੰਤ ਐਕਸਾਈਜ਼ ਵਿਭਾਗ ਨੂੰ ਸੂਚਿਤ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਪੁਲਿਸ ਅਤੇ ਆਬਕਾਰੀ ਅਧਿਕਾਰੀਆਂ ਦੀ ਨਿਗਰਾਨੀ ਹੇਠ ਲਾਹਣ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਬਕਾਰੀ ਐਕਟ ਦੀ ਧਾਰਾ 61, 1 ਅਤੇ 14 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨਾਜਾਇਜ਼ ਸ਼ਰਾਬ ਖ਼ਿਲਾਫ਼ ਸ਼ਿਕੰਜਾ ਹੋਰ ਕੱਸਿਆ ਜਾਵੇਗਾ ਅਤੇ ਇਸ ਵਿੱਚ ਸ਼ਾਮਲ ਪਾਏ ਗਏ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸ਼ਰਾਬ ਦੀ ਤਸਕਰੀ ਲਈ ਬਦਨਾਮ ਇਲਾਕਿਆਂ ਵਿੱਚ ਇੱਕ ਵੱਡਾ ਸੰਯੁਕਤ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਗੈਰ-ਕਾਨੂੰਨੀ ਧੰਦੇ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸ. ਭੁੱਲਰ ਨੇ ਕਿਹਾ ਕਿ ਏ.ਸੀ.ਪੀਜ਼ ਅਤੇ ਐਸ.ਐਚ.ਓਜ਼ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਨਸ਼ੇ ਦੀ ਵਿਕਰੀ ਨਾ ਹੋਣ ਦੇਣ ਨਹੀਂ ਤਾਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Facebook Comments

Trending