ਲੁਧਿਆਣਾ : ਲੁਧਿਆਣਾ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਆਟੋ ਇੰਜਨੀਅਰਜ਼ ਦੇ ਸੀ ਐਮ ਡੀ ਹਰੀਸ਼ ਢਾਂਡਾ ਨੇ ਦੱਸਿਆ ਕਿ ਸ਼ਿਪਿੰਗ ਕੰਪਨੀਆਂ ਵਲੋਂ ਕੰਟੇਨਰ ਨਾ ਉਪਲੱਬਧ ਕਰਵਾਉਣ ‘ਤੇ ਕਰੋੜਾਂ ਰੁਪਏ ਦਾ ਮਾਲ ਉਨ੍ਹਾਂ ਦੇ ਕਾਰਖਾਨਿਆਂ ਵਿਚ ਜਮ੍ਹਾਂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਰੂਸ-ਯੂਕਰੇਨ ਯੁੱਧ ਦੇ ਕਾਰਨ ਜ਼ਿਆਦਾਤਰ ਕੰਟੇਨਰ ਬਾਹਰਲੇ ਦੇਸ਼ਾਂ ਵਿਚ ਫਸੇ ਪਏ ਹਨ ਅਤੇ ਭਾਰਤ ਤੱਕ ਨਹੀਂ ਪਹੁੰਚ ਸਕੇ।
ਇਸੇ ਗੱਲ ਦਾ ਫਾਇਦਾ ਉਠਾਉਂਦੇ ਹੋਏ ਸ਼ਿਪਿੰਗ ਕੰਪਨੀਆਂ ਨੇ ਕੰਟੇਨਰਾਂ ਦਾ ਕਿਰਾਇਆ ਲਗਪਗ ਦੁੱਗਣਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਕੰਟੇਨਰ ਦਾ ਕਿਰਾਇਆ 8 ਹਜ਼ਾਰ ਡਾਲਰ ਤੋਂ ਵਧਾ ਕੇ 13 ਹਜ਼ਾਰ ਡਾਲਰ ਤੱਕ ਪਹੁੰਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸ਼ਿਪਿੰਗ ਕੰਪਨੀਆਂ ਦੇ ਏਜੰਟ ਮਨਮਾਨੀ ਨਾਲ ਕਿਰਾਇਆ ਵਸੂਲ ਕਰ ਰਹੇ ਹਨ ਅਤੇ ਭੇਜੇ ਗਏ ਮਾਲ ਤੇ ਲੱਖਾਂ ਰੁਪਏ ਦਾ ਡੈਮਰੇਜ ਪਾ ਰਹੇ ਹਨ।
ਢਾਂਡਾ ਨੇ ਦੱਸਿਆ ਕਿ ਪਹਿਲਾਂ ਹੀ ਲੋਹਾ, ਸਟੀਲ ਅਤੇ ਕੱਚੇ ਮਾਲ ਦੀਆਂ ਕੀਮਤਾਂ ਦੇ ਵਧਣ ਨਾਲ ਕਾਰਖਾਨੇ ਚਲਾਣੇ ਭਾਰੀ ਮੁਸ਼ਕਲ ਹੋਏ ਪਏ ਹਨ ਅਤੇ ਮਜ਼ਬੂਰੀ ਕਰਕੇ ਪੁਰਾਣੇ ਰੇਟਾਂ ਤੇ ਬੁੱਕ ਕੀਤੇ ਹੋਏ ਮਾਲ ਸਪਲਾਈ ਕਰਨੇ ਪੈ ਰਹੇ ਹਨ ਕਿਉਂਕਿ ਸਪੈਸ਼ਲ ਸਾਈਜ਼ ਦੇ ਹਿਸਾਬ ਨਾਲ ਬਣੇ ਮਾਲ ਹੋਰ ਕਿਤੇ ਇਸਤੇਮਾਲ ਵੀ ਨਹੀਂ ਹੋ ਸਕਦੇ। ਇਸ ਦੇ ਨਾਲ ਤਿਆਰ ਹੋਏ ਮਾਲ ਨੂੰ ਜਿਆਦਾ ਸਮੇਂ ਵਾਸਤੇ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਉਸ ਦੀ ਫਨਿਸ਼ਿੰਗ ਖ਼ਤਮ ਹੋ ਜਾਂਦੀ ਹੈ।