ਲੁਧਿਆਣਾ : ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਨੇ ਇਕ ਅਪ੍ਰੈਲ 2022 ਤੋਂ 31 ਮਾਰਚ 2023 ਲਈ ਟੋਲ ਟੈਕਸ ਦੀ ਦਰ ‘ਚ ਸੋਧ ਕਰ ਦਿੱਤੀ ਹੈ। ਪੰਜਾਬ ਤੋਂ ਹੋ ਕੇ ਲੰਘਣ ਵਾਲੇ ਵੱਖ-ਵੱਖ ਨੈਸ਼ਨਲ ਹਾਈਵੇ ‘ਤੇ ਹੁਣ 11 ਟੋਲ ਪਲਾਜ਼ਿਆ ‘ਤੇ ਵਾਹਨ ਚਾਲਕਾਂ ਨੂੰ ਇਕ ਅਪ੍ਰੈਲ ਤੋਂ ਵਧੀ ਹੋਈ ਦਰ ਨਾਲ ਟੋਲ ਟੈਕਸ ਦਾ ਭੁਗਤਾਨ ਕਰਨਾ ਪਵੇਗਾ।
ਲੁਧਿਆਣਾ-ਜਗਰਾਓਂ ਮਾਰਗ ‘ਤੇ ਚੌਕੀਮਾਨ ਟੋਲ ਪਲਾਜ਼ਾ, ਲੁਧਿਆਣਾ ਸਾਊਥ ਸਿਟੀ-ਲਾਡੋਵਾਲ ਬਾਈਪਾਸ ਟੋਲ ਪਲਾਜ਼ਾ ਤੋਂ ਇਲਾਵਾ ਬਠਿੰਡਾ-ਚੰਡੀਗੜ੍ਹ ਮਾਰਗ ‘ਤੇ ਪੰਜ, ਬਠਿੰਡਾ-ਅੰਮਿ੍ਤਸਰ ਮਾਰਗ ‘ਤੇ ਤਿੰਨ ਅਤੇ ਬਠਿੰਡਾ-ਮਲੋਟ ਮਾਰਗ ‘ਤੇ ਇਕ ਟੋਲ ਪਲਾਜ਼ਾ ‘ਤੇ ਵਧੀ ਹੋਈ ਦਰ ਨਾਲ ਟੋਲ ਟੈਕਸ ਦਾ ਭੁਗਤਾਨ ਕਰਨਾ ਪਵੇਗਾ।
ਐੱਨਐੱਚਏਆਈ ਵੱਲੋਂ ਵਾਹਨਾਂ ਦੀ ਸ਼ੇ੍ਣੀ ਦੇ ਹਿਸਾਬ ਨਾਲ ਟੋਲ ਟੈਕਸ ਦੀ ਦਰ ਵਧਾਈ ਗਈ ਹੈ। ਕਾਰ ਚਾਲਕਾਂ ਨੂੰ ਪੰਜ ਤੋਂ 10 ਰੁਪਏ ਵੱਧ ਦੇਣੇ ਪੈਣਗੇ ਤਾਂ ਹੋਰਨਾਂ ਵਾਹਨਾਂ ਲਈ 10 ਤੋਂ ਲੈ ਕੇ 865 ਰੁਪਏ ਤਕ ਦਾ ਵਾਧਾ ਕੀਤਾ ਗਿਆ ਹੈ।
ਐੱਨਐੱਚਏਆਈ ਦੇ ਲੁਧਿਆਣਾ ਦੇ ਪ੍ਰਾਜੈਕਟ ਡਾਇਰੈਕਟਰ ਕੇਐੱਲ ਸਚਦੇਵਾ ਨੇ ਕਿਹਾ ਕਿ ਟੋਲ ਟੈਕਸ ਦੀ ਨਵੀਂ ਦਰ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਸਾਰੇ ਵਾਹਨਾਂ ਲਈ ਫਾਸਟੈਗ ਜ਼ਰੂਰੀ ਹੋਵੇਗਾ। ਨੈਸ਼ਨਲ ਹਾਈਵੇ 44 ‘ਤੇ ਲੁਧਿਆਣਾ-ਜਲੰਧਰ ਮਾਰਗ ‘ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ‘ਤੇ ਟੋਲ ਟੈਕਸ ਦੀ ਦਰ ਹਾਲੇ ਨਹੀਂ ਵਧੇਗੀ। ਇਥੇ ਇਕ ਸਤੰਬਰ 2022 ਤੋਂ ਦਰਾਂ ਵਿਚ ਸੋਧ ਕੀਤੀ ਜਾਵੇਗੀ।