ਲੁਧਿਆਣਾ : ਜਾਣਕਾਰੀ ਅਨੁਸਾਰ ਥਾਣਾ ਡਵੀਜ਼ਨ ਨੰ 2 ਦੇ ਇੰਚਾਰਜ ਇੰਸਪੈਕਟਰ ਸਤਪਾਲ ਦੀ ਅਗਵਾਈ ‘ਚ ਪੁਲਸ ਨੇ ਮੁਹੱਲਾ ਹਬੀਬਗੰਜ ਸੈਂਸੀ ਮੁਹੱਲਾ ਚ ਛਾਪੇਮਾਰੀ ਕੀਤੀ ਹੈ। ਛਾਪੇ ਤੋਂ ਪਹਿਲਾ ਹੀ ਸੂਚਨਾ ਮਿਲਣ ‘ਤੇ ਪੁਲਿਸ ਨੂੰ ਖਾਲੀ ਹੱਥ ਪਰਤਣਾ ਪਿਆ।
ਕਰੀਬ 50 ਪੁਲਸ ਮੁਲਾਜਮਾ ਨੇ ਸਵੇਰੇ 5.30 ਵਜੇ 2 ਘੰਟੇ ਤੱਕ ਜਾਂਚ ਕੀਤੀ। ਪੁਲਿਸ ਨੇ ਨਸ਼ਾ ਤਸਕਰੀ ਲਈ ਬਦਨਾਮ ਨੌਜਵਾਨਾਂ ਦੇ ਘਰਾਂ ਦੀ ਤਲਾਸ਼ੀ ਲਈ ਹੈ। ਪੁਲਿਸ ਨੇ ਉਨ੍ਹਾਂ ਤਸਕਰਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਹੈ, ਜਿਨ੍ਹਾਂ ਨੂੰ ਨਸ਼ਾ ਤਸਕਰੀ ਵਿੱਚ ਨਾਮਜ਼ਦ ਕੀਤਾ ਗਿਆ ਹੈ ਅਤੇ ਉਹ ਜ਼ਮਾਨਤ ‘ਤੇ ਬਾਹਰ ਆ ਗਏ ਹਨ। ਪੁਲਸ ਨੇ ਘਰਾਂ ‘ਚ ਪਏ ਬੈੱਡ, ਬਾਥਰੂਮਾਂ ‘ਚ ਪਏ ਸਾਮਾਨ ਅਤੇ ਲਿਫਾਫਿਆਂ ਆਦਿ ਦੀ ਬਾਰੀਕੀ ਨਾਲ ਜਾਂਚ ਕੀਤੀ। ਇਥੋਂ ਪੁਲਸ ਨੂੰ ਕੋਈ ਨਸ਼ਾ ਨਹੀਂ ਮਿਲਿਆ ਤੇ ਨਾ ਹੀ ਕਿਸੇ ਦੀ ਗ੍ਰਿਫਤਾਰੀ ਹੋਈ ਹੈ।
ਪੁਲਸ ਟੀਮ ਨੇ ਸਵੇਰੇ ਹੀ ਪੂਰੇ ਇਲਾਕੇ ਨੂੰ ਘੇਰ ਲਿਆ ਸੀ ਅਤੇ ਇੱਥੇ ਆਉਣ-ਜਾਣ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਪੁਲਸ ਨੇ ਮੁਹੱਲੇ ਚ ਆਉਣ-ਜਾਣ ਵਾਲੇ ਲੋਕਾਂ ਨੂੰ ਰੋਕ ਕੇ ਉਨ੍ਹਾਂ ਦੇ ਵਾਹਨਾਂ ਅਤੇ ਉਨ੍ਹਾਂ ਕੋਲ ਮੌਜੂਦ ਬੈਗਾਂ ਦੀ ਤਲਾਸ਼ੀ ਲਈ ਹੈ। ਸਵੇਰੇ ਬਹੁਤੇ ਨਸ਼ੇੜੀ ਨਸ਼ਾ ਕਰਨ ਆਉਂਦੇ ਹਨ ਤੇ ਇਸ ਦੌਰਾਨ ਪੁਲਿਸ ਨੇ ਇਹ ਮੁਹਿੰਮ ਵਿੱਢੀ ਹੋਈ ਸੀ ।
ਮੁਹੱਲੇ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਦੇ ਆਉਣ ਦੀ ਸੂਚਨਾ ਇਸ ਇਲਾਕੇ ਦੇ ਲੋਕਾਂ ਨੂੰ ਪਹਿਲਾਂ ਹੀ ਸੀ। ਜਿਸ ਕਾਰਨ ਤਸਕਰ ਪਹਿਲਾਂ ਹੀ ਇੱਥੋਂ ਗਾਇਬ ਹੋ ਚੁੱਕੇ ਸਨ । ਭਾਵੇਂ ਕਿ ਪਿਛਲੇ ਸਮੇਂ ਦੌਰਾਨ ਇੱਥੇ ਸਮਾਜ ਸੇਵੀਆਂ ਵਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਕਾਰਨ ਇੱਥੋਂ ਕੋਈ ਨਸ਼ਾ ਤਸਕਰ ਨਹੀਂ ਲੱਭਾ ਪਰ ਫਿਰ ਵੀ ਨਸ਼ਿਆਂ ਦੀ ਤਸਕਰੀ ਧੜੱਲੇ ਨਾਲ ਹੋ ਰਹੀ ਹੈ ।