ਲੁਧਿਆਣਾ : ਲੁਧਿਆਣਾ ਪੁਲਿਸ ਨੇ ਫੈਕਟਰੀ ‘ਚੋਂ ਸਾਮਾਨ ਚੋਰੀ ਕਰਨ ਵਾਲੇ ਖਤਰਨਾਕ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਲੱਖਾਂ ਰੁਪਏ ਮੁੱਲ ਦਾ ਸਾਮਾਨ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸੁਰਜੀਤ ਸਿੰਘ ਸੈਣੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਸ਼ਵਿੰਦਰ ਪੁੱਤਰ ਸੰਤ ਰਾਮ ਵਾਸੀ ਉੱਤਰ ਪ੍ਰਦੇਸ਼ ਤੇ ਮੋਨੂੰ ਖਾਨ ਵਾਸੀ ਮੁਸਲਿਮ ਕਾਲੋਨੀ ਸ਼ਾਮਿਲ ਹਨ।
ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 17 ਕੁਇੰਟਲ ਲੋਹੇ ਦਾ ਸਾਮਾਨ, ਤਿੰਨ ਮੋਟਰਾਂ ਤੇ ਕੱੁਝ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ ਕਥਿਤ ਦੋਸ਼ੀ ਪਹਿਲਾਂ ਸਵੇਰੇ ਫੈਕਟਰੀਆਂ ਦੀ ਰੈਕੀ ਕਰਦੇ ਸਨ ਤੇ ਰੈਕੀ ਕਰਨ ਉਪਰੰਤ ਸ਼ਾਮ ਨੂੰ ਇਹ ਫੈਕਟਰੀਆਂ ਦੇ ਤਾਲੇ ਤੋੜ ਕੇ ਉਸ ਵਿਚੋਂ ਸਾਮਾਨ ਚੋਰੀ ਕਰ ਲੈਂਦੇ ਸਨ। ਪਿਛਲੇ ਕਾਫੀ ਸਮੇਂ ਤੋਂ ਕਥਿਤ ਦੋਸ਼ੀ ਫੋਕਲ ਪੁਆਇੰਟ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਸਰਗਰਮ ਸਨ ਤੇ ਅਜਿਹੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ।
ਬੀਤੇ ਦਿਨੀਂ ਇਨ੍ਹਾਂ ਕਥਿਤ ਦੋਸ਼ੀਆਂ ਵਲੋਂ ਇਕ ਫੈਕਟਰੀ ਦੇ ਤਾਲੇ ਤੋੜ ਕੇ ਉਥੋਂ ਸਾਮਾਨ ਚੋਰੀ ਕੀਤਾ ਸੀ। ਪੁਲਿਸ ਵਲੋਂ ਇਨ੍ਹਾਂ ਪਾਸੋਂ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਟੈਂਪੂ ਬਰਾਮਦ ਕੀਤਾ ਹੈ, ਜਿਸ ‘ਚੋਂ ਇਹ ਲੋਹੇ ਦਾ ਸਾਮਾਨ ਲੱਦ ਕੇ ਲਿਜਾਂਦੇ ਸਨ।